ਡਾਕਟਰ ਦੀ ਪਤਨੀ ਦੀ ਦਲੇਰੀ ਸਦਕਾ ਹਥਿਆਰਬੰਦ ਲੁਟੇਰੇ ਆਪਣੇ ਮਕਸਦ 'ਚ ਨਹੀਂ ਹੋ ਸਕੇ ਕਾਮਯਾਬ
ਅਜੀਤ ਡੈਸਕ
24-11-2025
ਲੁਧਿਆਣਾ, 23 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਟਿੱਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਗੋਪਾਲ ਨਗਰ ਵਿਚ ਚਾਰ ਹਥਿਆਰਬੰਦ ਲੁਟੇਰੇ ਡਾਕਟਰ ਦੀ ਪਤਨੀ ਦੀ ਦਲੇਰੀ ਸਦਕਾ ਆਪਣੇ ਲੁੱਟ ਦੇ ਮਕਸਦ ਵਿਚ ਕਾਮਯਾਬ ਨਾ ਹੋ ਸਕੇ | ਇਹਨਾਂ ਲੁਟੇਰਿਆਂ ਵਿਚ ਇਕ ਔਰਤ ਵੀ ਸ਼ਾਮਿਲ ਸੀ | ਜਾਣਕਾਰੀ ਅਨੁਸਾਰ ਘਟਨਾ ਦੇਰ ਰਾਤ ਉਸ ਵਕਤ ਵਾਪਰੀ, ਜਦੋਂ ਚਾਰ ਹਥਿਆਰਬੰਦ ਲੁਟੇਰੇ ਡਾ. ਪੰਕਜ ਸ਼ਰਮਾ ਦੇ ਘਰ ਆਪਣੇ ਇਕ ਸਾਥੀ ਦਾ ਚੈੱਕ ਅੱਪ ਕਰਾਉਣ ਦੇ ਬਹਾਨੇ ਅੰਦਰ ਦਾਖਲ ਹੋਏ | ਡਾ. ਸ਼ਰਮਾ ਉਸ ਵੇਲੇ ਆਪਣੀ ਪਤਨੀ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਘਰ ਵਿਚ ਮੌਜੂਦ ਸਨ ਅਤੇ ਉਨ੍ਹਾਂ ਦੀ ਪਤਨੀ ਨੇ ਇਹਨਾਂ ਲੁਟੇਰਿਆਂ ਨੂੰ ਬਾਹਰ ਰੁਕਣ ਲਈ ਕਿਹਾ, ਜਦੋਂ ਡਾ. ਪੰਕਜ, ਜੋ ਕਿ ਚੱਲਣ ਵਿਚ ਅਸਮਰਥ ਹਨ, ਬਾਹਰ ਆਏ ਤਾਂ ਇਹਨਾਂ ਲੁਟੇਰਿਆਂ ਵਿਚੋਂ ਇਕ ਨੇ ਛਾਤੀ ਵਿਚ ਦਰਦ ਦੀ ਸ਼ਿਕਾਇਤ ਕੀਤੀ, ਜਦੋਂ ਡਾਕਟਰ ਨੇ ਇਹਨਾਂ ਨੂੰ ਚੈੱਕ ਕਰਨਾ ਸ਼ੁਰੂ ਕੀਤਾ ਤਾਂ ਇਹਨਾਂ ਲੁਟੇਰਿਆਂ ਵਿਚੋਂ ਤਿੰਨ ਨੇ ਆਪਣੇ ਪਾਸ ਰੱਖੀਆਂ ਪਿਸਤੌਲਾਂ ਕੱਢ ਲਈਆਂ ਅਤੇ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਲੱਗ ਪਏ | ਇਸ ਦੌਰਾਨ ਰੌਲੇ ਦੀ ਆਵਾਜ਼ ਸੁਣ ਕੇ ਉਨ੍ਹਾਂ ਦੀ ਪਤਨੀ ਬਾਹਰ ਆਈ ਅਤੇ ਉਹ ਲੁਟੇਰਿਆਂ ਨਾਲ ਉਲਝ ਪਈ ਅਤੇ ਉਸ ਨੇ ਦਲੇਰੀ ਕਰਦਿਆਂ ਘਰ ਦਾ ਗੇਟ ਖੋਲਿ੍ਹਆ ਅਤੇ ਗਲੀ ਵਿਚ ਆ ਕੇ ਰੌਲਾ ਪਾਉਣ ਲੱਗ ਪਈ, ਜਿਸ 'ਤੇ ਇਹ ਲੁਟੇਰੇ ਉਥੋਂ ਭੱਜ ਪਏ | ਡਾਕਟਰ ਦੀ ਪਤਨੀ ਨੇ ਔਰਤ ਨੂੰ ਕਾਬੂ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਲੁਟੇਰਿਆਂ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਛੁਡਵਾ ਲਿਆ | ਇਹ ਸਾਰੀ ਘਟਨਾ ਮੁਹੱਲੇ ਵਿਚ ਲੱਗੇ ਸੀ.ਸੀ. ਟੀਵੀ ਕੈਮਰੇ ਵਿਚ ਕੈਦ ਹੋ ਗਈ, ਜਿਸ ਆਧਾਰ 'ਤੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ | ਜਾਂਚ ਕਰ ਰਹੇ ਅਧਿਕਾਰੀ ਏ.ਡੀ.ਸੀ.ਪੀ. ਵੈਬਬ ਸਹਿਗਲ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਸਬੰਧੀ ਡਾਕਟਰ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਸੀ.ਸੀ. ਟੀਵੀ ਕੈਮਰਿਆਂ ਦੀ ਫੁਟੇਜ਼ ਦੇ ਆਧਾਰ 'ਤੇ ਲੁਟੇਰਿਆਂ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਹਨਾਂ ਲੁਟੇਰਿਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ |