ਲਾਡੋਵਾਲ, 23 ਨਵੰਬਰ (ਬਲਬੀਰ ਸਿੰਘ ਰਾਣਾ)-ਸਥਾਨਕ ਸਰਕਾਰੀ ਸੀਨੀ. ਸੈਕੰਡਰੀ ਸਕੂਲ ਲਾਡੋਵਾਲ ਵਿਖੇ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਸਰਕਾਰੀ ਮਿਡਲ ਸਕੂਲ ਹੁਸੈਨਪੁਰਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ | ਸਕੂਲ ਦੀ 6ਵੀਂ ਜਮਾਤ ਦੇ ਵਿਦਿਆਰਥੀ ਅਮਰਜੀਤ ਸਿੰਘ ਅਤੇ ਯਸ਼ਬੀ ਰਾਜਬਰ ਨੇ ਆਪਣੇ ਗਾਈਡ ਅਧਿਆਪਕ ਸੁਖਰਾਜ ਸਿੰਘ ਭੁੱਲਰ (ਸਾਇੰਸ ਮਾਸਟਰ) ਦੀ ਰਹਿਨੁਮਾਈ ਹੇਠ ਰੇਨਹਾਰਵੇਸਟਿੰਗ ਅਤੇ ਡਰਿਪ ਇਰੀਗੇਸ਼ਨ ਆਧਾਰਿਤ ਮਾਡਲ ਤਿਆਰ ਕੀਤਾ, ਜੋ ਕਿ ਵਾਟਰ ਕੰਜ਼ਰਵੇਸ਼ਨ ਐਂਡ ਮੈਨੇਜਮੈਂਟ ਥੀਮ ਦੇ ਉਪਰ ਆਧਾਰਿਤ ਸੀ | ਵਿਦਿਆਰਥੀਆਂ ਵਲੋਂ ਤਿਆਰ ਕੀਤੇ ਇਸ ਨਵੀਨਤਮ ਮਾਡਲ ਨੇ ਮੁਲਾਂਕਣ ਕਰਤਿਆਂ ਨੂੰ ਬੇਹੱਦ ਪ੍ਰਭਾਵਿਤ ਕੀਤਾ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲ ਦੀ ਪਿ੍ੰਸੀਪਲ ਜ਼ਰੀਨਾ ਨੇ ਜੇਤੂ ਵਿਦਿਆਰਥੀਆਂ ਅਤੇ ਗਾਈਡ ਅਧਿਆਪਕ ਸੁਖਰਾਜ ਸਿੰਘ ਭੁੱਲਰ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਇਹ ਮਾਡਲ ਹੁਣ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ਲਈ ਚੁਣਿਆ ਗਿਆ ਹੈ, ਜਿੱਥੇ ਇਹ ਸਕੂਲ ਦੀ ਪ੍ਰਤੀਨਿਧਤਾ ਕਰੇਗਾ | ਇਸ ਮੌਕੇ ਗਾਈਡ ਅਧਿਆਪਕ ਸੁਖਰਾਜ ਸਿੰਘ ਭੁੱਲਰ ਨੇ ਕਿਹਾ ਕਿ ਇਸ ਪ੍ਰੋਜੈਕਟ ਦੀ ਤਿਆਰੀ ਵਿਚ ਸਕੂਲ ਸਟਾਫ਼ ਇੰਚਾਰਜ ਪੂਨਮ ਰਾਣੀ, ਪੰਜਾਬੀ ਅਧਿਆਪਕ ਮੀਨੂ ਭੱਟੀ ਅਤੇ ਐਸ.ਐਸ. ਅਧਿਆਪਕ ਵੀਨਾ ਰਾਣੀ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ, ਜਿਨ੍ਹਾਂ ਦੀ ਬਦੌਲਤ ਇਹ ਮਾਡਲ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਵਿਚ ਸ਼ਾਮਿਲ ਹੋਵੇਗਾ |