ਲੁਧਿਆਣਾ ਅਪਰਾਧਨਾਮਾ
ਅਜੀਤ ਡੈਸਕ
24-11-2025
ਲੁਧਿਆਣਾ, 23 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੋਤੀ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਫੋਕਲ ਪੁਆਇੰਟ ਵਿਚ ਵਰਕਰ ਆਪਣੇ ਮਾਲਕਾਂ ਦੇ 20 ਲੱਖ ਰੁਪਏ ਲੈ ਕੇ ਫ਼ਰਾਰ ਹੋ ਗਿਆ | ਪੁਲਿਸ ਵਲੋਂ ਇਸ ਮਾਮਲੇ ਵਿਚ ਰਮਨ ਸਿੰਗਲਾ ਵਾਸੀ ਫੋਕਲ ਪੁਆਇੰਟ ਦੀ ਸ਼ਿਕਾਇਤ 'ਤੇ ਵਿਸ਼ਵਜੀਤ ਵਰਮਾ ਵਾਸੀ ਪ੍ਰਤਾਪ ਸਿੰਘ ਵਾਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਉਸ ਦੀ ਫ਼ੈਕਟਰੀ ਦਾ ਵਰਕਰ ਹੈ ਅਤੇ ਵੱਖ-ਵੱਖ ਥਾਵਾਂ ਤੋਂ ਫ਼ੈਕਟਰੀ ਲਈ ਉਗਰਾਹੀ ਕਰਦਾ ਸੀ | ਉਸ ਨੇ ਦੱਸਿਆ ਕਿ ਕਥਿਤ ਦੋਸ਼ੀ ਵੱਖ-ਵੱਖ ਫ਼ੈਕਟਰੀ ਮਾਲਕਾਂ ਤੋਂ 20 ਲੱਖ ਰੁਪਏ ਇਕੱਠੇ ਕਰਕੇ ਫ਼ਰਾਰ ਹੋ ਗਿਆ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ |
ਧੋਖਾਧੜੀ ਦਾ ਮਾਮਲਾ
ਪੁਲਿਸ ਨੇ ਨਵਰਾਜ ਸਿੰਘ ਗਰੇਵਾਲ ਵਾਸੀ ਨਿਊ ਟਗੋਰ ਨਗਰ ਦੀ ਸ਼ਿਕਾਇਤ 'ਤੇ ਰਜਿੰਦਰ ਕੁਮਾਰ ਸ਼ਰਮਾ ਵਾਸੀ ਜੋਧੇਵਾਲ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀ ਉੱਤੇ ਜਾਇਦਾਦ ਦੇ ਮਾਮਲੇ ਵਿਚ ਉਸ ਨਾਲ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
ਲੁਟੇਰਾ ਗਰੋਹ ਦਾ ਮੈਂਬਰ ਕਾਬੂ
ਪੁਲਿਸ ਨੇ ਮਨਜੀਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਸਲੇਮ ਟਾਬਰੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਹਥਿਆਰ ਅਤੇ ਦੋ ਮੋਬਾਈਲ ਬਰਾਮਦ ਕੀਤੇ ਹਨ, ਜਦਕਿ ਉਸ ਦਾ ਸਾਥੀ ਅੰਸ਼ ਥਾਪਰ ਮੌਕੇ ਤੋਂ ਫ਼ਰਾਰ ਹੋ ਗਿਆ | ਪੁਲਿਸ ਉਸ ਦੀ ਭਾਲ ਕਰ ਰਹੀ ਹੈ | ਪੁਲਿਸ ਅਨੁਸਾਰ ਉਕਤ ਕਥਿਤ ਦੋਸ਼ੀ ਲੁੱਟ ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਸਨ |
ਨਾਬਾਲਗ ਲੜਕੀ ਵਰਗਲਾਈ
ਪੁਲਿਸ ਨੇ ਮੁਹੰਮਦ ਅਬਦੁਲ ਵਾਸੀ ਹਕੀਕਤ ਨਗਰ ਦੀ ਸ਼ਿਕਾਇਤ 'ਤੇ ਅਣਪਛਾਤੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀ ਉੱਤੇ ਉਸ ਦੀ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾਉਣ ਦਾ ਦੋਸ਼ ਲਗਾਇਆ ਹੈ |
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਧੋਖਾਧੜੀ
ਪੁਲਿਸ ਨੇ ਕਰਮਦੀਪ ਸਿੰਘ ਵਾਸੀ ਚੀਮਾ ਚੌਕ ਦੀ ਸ਼ਿਕਾਇਤ 'ਤੇ ਦਿਲਪ੍ਰੀਤ ਸਿੰਘ ਰਾਣਾ ਅਤੇ ਸੁਖਜੀਤ ਸਿੰਘ ਰਾਣਾ ਵਾਸੀ ਅੰਮਿ੍ਤਸਰ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀ ਉੱਤੇ ਉਸ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ 8 ਲੱਖ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ |