ਸਿੱਧਵਾਂ ਬੇਟ, 23 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)-ਦੇਸ਼ ਵਿਚ ਨੌਸਰਬਾਜਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ ਅਤੇ ਉਹ ਆਪੋ-ਆਪਣੇ ਢੰਗ ਤਰੀਕਿਆਂ ਨਾਲ ਭੱਦਰ ਪੁਰਸ਼ ਲੋਕਾਂ ਨਾਲ ਠੱਗੀਆਂ ਮਾਰ ਰਹੇ ਹਨ | ਲਾਗਲੇ ਪਿੰਡ ਅੱਬੂਪੁਰਾ ਦੇ ਰਿਟਾ. ਜੇ.ਈ. ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਂ ਸਥਾਨਿਕ ਕਸਬੇ ਦੇ ਪੀ.ਐੱਨ.ਬੀ. ਬੈਂਕ ਦੇ ਏ.ਟੀ.ਐਮ. ਵਿਚੋਂ ਪੈਸੇ ਕਢਵਾਉਣ ਲਈ ਜਿਵੇਂ ਹੀ ਕਮਰੇ ਵਿਚ ਵੜਿ੍ਹਆ ਤਾਂ ਇਕ ਹੋਰ ਮੋਨਾ ਨੌਜਵਾਨ ਵੀ ਮੇਰੇ ਪਿੱਛੇ ਹੀ ਅੰਦਰ ਆ ਗਿਆ | ਮੈਂ ਆਪਣਾ ਏ.ਟੀ.ਐੱਮ. ਕੱਢ ਕੇ ਮਸ਼ੀਨ ਵਿਚ ਜਦੋਂ ਪਾਇਆ ਤਾਂ ਉਸ ਨੇ ਆਖਿਆ ਕਿ ਇਸ ਤਰ੍ਹਾਂ ਪੈਸੇ ਨਹੀਂ ਨਿਕਲਣੇ | ਮੈਂ ਤੁਹਾਨੂੰ ਪੈਸੇ ਕੱਢ ਕੇ ਦੇ ਦਿੰਦਾਂ ਹਾਂ | ਉਸ ਨੇ ਮੈਨੂੰ ਬਹਿਕਾਵੇ ਵਿਚ ਲੈ ਕੇ ਮੇਰੇ ਕੋਲੋਂ ਏ.ਟੀ.ਐੱਮ. ਦਾ ਕੋਡ ਨੰ. ਪੁੱਛ ਲਿਆ | ਉਹ ਮੈਨੂੰ ਉੱਪਰ ਵੱਲ ਵੇਖਣ ਲਈ ਕਹਿਣ ਲੱਗਾ ਕਿ ਇੱਥੇ ਲਿਖਿਆ ਆ ਜਾਵੇਗਾ | ਉਹ ਮੈਨੂੰ ਵਾਰ-ਵਾਰ ਇਹੀ ਕਹੀ ਗਿਆ | ਜਦੋਂ ਮੈਂ ਉੱਪਰ ਵੱਲ ਮੂੰਹ ਕੀਤਾ ਤਾਂ ਉਸ ਨੇ ਮੈਨੂੰ ਆਪਣਾ ਏ.ਟੀ.ਐੱਮ. ਕਾਰਡ ਦੇ ਦਿੱਤਾ ਅਤੇ ਮੇਰਾ ਏ.ਟੀ.ਐੱਮ. ਕਾਰਡ ਫੜਣ ਉਪਰੰਤ ਇਹ ਕਹਿਕੇ ਬਾਹਰ ਨਿਕਲ ਗਿਆ ਕਿ ਬੱਸ ਤੁਹਾਡੇ ਹੁਣੇ ਹੀ ਪੈਸੇ ਨਿਕਲ ਆਉਣਗੇ ਪਰ ਮੈਂ ਟੱਕਰਾਂ ਮਾਰ ਕੇ ਹੰਭ ਗਿਆ | ਪਰ ਬਾਅਦ ਵਿਚ ਪਤਾ ਲੱਗਾ ਕਿ ਉਸ ਨੇ ਮੇਰੇ ਖਾਤੇ ਵਿਚੋਂ ਇਕ ਲੱਖ ਰੁਪਏ ਕੱਢ ਵੀ ਲਏ ਹਨ | ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਸ ਸ਼ਖ਼ਸ ਨੇ ਕਸਬੇ ਦੇ ਕਿਸਨਪੁਰਾ ਚੌਂਕ ਨਜ਼ਦੀਕ ਆਈ.ਸੀ. ਆਈ.ਸੀ.ਆਈ ਬੈਂਕ ਦੇ ਏ.ਟੀ.ਐਮ. ਵਿਚ ਜਾ ਕੇ ਇਕ ਲੱਖ ਰੁਪਏ ਕੱਢ ਲਏ | ਉਸ ਨੇ ਪਹਿਲਾਂ ਪਾਈ ਹੋਈ ਜੈਕਟ ਵੀ ਬਦਲ ਲਈ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ ਪਰ ਇਸ ਨੌਸਰਬਾਜ਼ ਦੀ ਸਾਰੀ ਕਰਤੂਤ ਅਤੇ ਮੋਟਰਸਾਈਕਲ ਦੀ ਤਸਵੀਰ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ | ਰਿਟਾ.ਜੇ.ਈ. ਨੇ ਮੰਗ ਕੀਤੀ ਕਿ ਇਸ ਨੌਸਰਬਾਜ਼ ਦਾ ਜਲਦੀ ਪਤਾ ਲਗਾਇਆ ਜਾਵੇ ਤਾਂ ਜੋ ਉਹ ਕਿਸੇ ਹੋਰ ਨੂੰ ਆਪਣਾ ਸ਼ਿਕਾਰ ਨਾ ਬਣਾ ਸਕੇ |