ਜਗਰਾਉਂ, 23 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸਿੱਧਵਾਂ ਬੇਟ ਦੀ ਮੀਟਿੰਗ ਪਿੰਡ ਸ਼ੇਰਪੁਰਾ ਕਲਾਂ ਵਿਖੇ ਬਲਾਕ ਪ੍ਰਧਾਨ ਜਗਜੀਤ ਸਿੰਘ ਕਲੇਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਇਕ ਦਰਜਨ ਪਿੰਡਾਂ ਦੀਆਂ ਇਕਾਈਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ | ਇਸ ਸਮੇਂ ਸੰਯੁਕਤ ਕਿਸਾਨ ਮੌਰਚੇ ਵਲੋਂ ਦਿੱਲੀ ਕਿਸਾਨ ਸੰਘਰਸ਼ ਦੀ ਵਰੇ੍ਹਗੰਢ ਮੌਕੇ 26 ਨਵੰਬਰ ਨੂੰ ਪੂਰੇ ਦੇਸ਼ ਵਾਂਗ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਰੈਲੀ 'ਚ ਵੱਡੀ ਗਿਣਤੀ 'ਚ ਪੁੱਜਣ ਦਾ ਫ਼ੈਸਲਾ ਕੀਤਾ ਗਿਆ | ਮੀਟਿੰਗ ਵਿਚ ਜ਼ਿਲ੍ਹਾ ਮੀਤ ਪ੍ਰਧਾਨ ਇੰਦਰਜੀਤ ਸਿੰਘ ਲੋਧੀਵਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਸਬੰਧੀ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਬਲਾਕ ਸਕੱਤਰ ਕੁਲਵੰਤ ਸਿੰਘ ਗਾਲਿਬ ਨੇ ਦੱਸਿਆ ਕਿ ਦੇਸ਼ ਤੇ ਲੋਕ ਵਿਰੋਧੀ ਬਿਜਲੀ ਬਿੱਲ 2025 ਨੂੰ ਤੁਰੰਤ ਵਾਪਸ ਲੈਣ, ਪੰਜਾਬ ਦੀਆਂ ਸਰਕਾਰੀ ਜ਼ਮੀਨਾਂ ਵੇਚਣ ਦੀ ਤਜਵੀਜ਼ ਰੱਦ ਕਰਨ, ਕੇਂਦਰ ਸਰਕਾਰ ਵਲੋਂ ਸਰਦ ਰੁੱਤ ਸੈਸ਼ਨ 'ਚ ਚੰਡੀਗੜ੍ਹ ਪੱਕੇ ਤੌਰ 'ਤੇ ਖੋਹਣ ਲਈ ਲਿਆਂਦੀ ਜਾ ਰਹੀ ਸੋਧ ਨੀਤੀ ਰੱਦ ਕਰਨ, ਪੰਜਾਬ ਯੂਨੀਵਰਸਿਟੀ ਵਿਦਿਆਰਥੀਆਂ ਦੇ ਘੋਲ ਦੀ ਹਿਮਾਇਤ ਕਰਨ ਅਤੇ ਸੈਨੇਟ ਚੋਣਾਂ ਦਾ ਐਲਾਨ ਕਰਨ, ਪੰਜਾਬ ਸਰਕਾਰ ਵਲੋਂ ਰੋਕੀ ਹੋਈ ਨਵੀਂ ਖੇਤੀ ਨੀਤੀ ਜਾਰੀ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ | ਇਸ ਸਮੇਂ ਬੁਲਾਰਿਆਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ ਨੂੰ ਖੋਹਣ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ | ਮੀਟਿੰਗ ਵਿਚ ਕੇਂਦਰ ਸਰਕਾਰ ਵਲੋਂ ਦੇਸ਼ ਦੀ ਮਜ਼ਦੂਰ ਜਮਾਤ ਦੇ ਲੰਮੇ ਵਿਰੋਧ ਦੇ ਬਾਵਜੂਦ ਮਜ਼ਦੂਰ ਵਿਰੋਧੀ ਘਾਤਕ ਕਿਰਤ ਕੋਡ ਲਾਗੂ ਕਰਨ ਦੀ ਵੀ ਸਖ਼ਤ ਨਿੰਦਾ ਕਰਦਿਆਂ ਮਜ਼ਦੂਰ ਸੰਗਠਨਾਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਅੱਜ 24 ਨਵੰਬਰ ਨੂੰ ਏ.ਡੀ.ਸੀ. ਜਗਰਾਉਂ ਨੂੰ ਮੰਗਾਂ ਸਬੰਧੀ ਕਿਸਾਨਾਂ ਦਾ ਵੱਡਾ ਵਫ਼ਦ ਮਿਲੇਗਾ | ਮੀਟਿੰਗ ਵਿਚ ਸੰਘੀ ਗੁੰਡਿਆਂ ਵਲੋਂ ਜਮਹੂਰੀ ਅਧਿਕਾਰ ਸਭਾ ਦੀ ਆਗੂ, ਸਾਬਕਾ ਵਿਦਿਆਰਥੀ ਆਗੂ ਐਡਵੋਕੇਟ ਅਮਨਦੀਪ ਕੌਰ ਨੂੰ ਧਮਕੀਆਂ ਦੇਣ ਦੀ ਵੀ ਸਖ਼ਤ ਨਿੰਦਾ ਕੀਤੀ ਗਈ | ਇਸ ਸਮੇਂ ਜਗਵਿੰਦਰ ਸਿੰਘ ਤੂਰ, ਸੁਖਦੇਵ ਸਿੰਘ ਸ਼ੇਰਪੁਰ, ਗੁਰਵਿੰਦਰ ਸਿੰਘ ਸ਼ੇਰਪੁਰ, ਹਰਜਿੰਦਰ ਸਿੰਘ ਭਮਾਲ, ਕੁਲਵੰਤ ਸਿੰਘ ਗਾਲਿਬ, ਚਰਨਜੀਤ ਸਿੰਘ ਸ਼ੇਖਦੌਲਤ, ਜਸਬੀਰ ਸਿੰਘ ਲੀਲਾਂ, ਜਸਵਿੰਦਰ ਸਿੰਘ ਭਮਾਲ, ਭੋਲਾ ਸਿੰਘ ਸ਼ੇਰਪੁਰ, ਹਰਜੀਤ ਸਿੰਘ ਸਵੱਦੀ, ਕੁਲਬੀਰ ਸਿੰਘ ਤਿਹਾੜਾ, ਬਲਵੰਤ ਸਿੰਘ ਸ਼ੇਰਪੁਰ, ਜਤਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ |