ਜਵੱਦੀ ਟਕਸਾਲ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਤਾਗੱਦੀ ਨੂੰ ਸਮਰਪਿਤ ਗੁਰਮਤਿ ਸਮਾਗਮ
ਅਜੀਤ ਡੈਸਕ
24-11-2025
ਲੁਧਿਆਣਾ, 23 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਗੁਰਬਾਣੀ, ਗੁਰ ਇਤਿਹਾਸ, ਗੁਰਮਤਿ ਸੰਗੀਤ ਦੇ ਪ੍ਰਚਾਰ-ਪ੍ਰਸਾਰ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਵਿਖੇ 350 ਸਾਲਾਂ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ, ਜਿਸ ਵਿਚ ਮੌਜੂਦ ਮੁਖੀ ਸੰਤ ਬਾਬਾ ਅਮੀਰ ਸਿੰਘ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਫਰਮਾਇਆ ਕਿ ਸਰਬੰਸਦਾਨੀ, ਬਾਦਸ਼ਾਹ ਦਰਵੇਸ਼, ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨੂਰਾਨੀ ਅਗੰਮੀ ਅਦੁੱਤੀ ਅਤੇ ਅਜ਼ੀਮ ਸ਼ਖਸੀਅਤ ਸੰਸਾਰ ਦੇ ਇਤਿਹਾਸ ਵਿਚ ਸਭ ਤੋਂ ਨਿਰਾਲੀ ਤੇ ਲਾਸਾਨੀ ਹੈ | ਗੁਰੂ ਸਾਹਿਬ ਜੀ ਸਬਰ, ਸਹਿਜ, ਸਿਦਕ ਦਿ੍ੜਤਾ ਸਾਹਸ ਅਤੇ ਚੜਦੀ ਕਲਾ ਦੇ ਅਨੂਠੇ ਮੁਜੱਸਮੇ ਸਨ | ਉਨ੍ਹਾਂ ਆਪਣੇ ਸਿੱਖਾਂ ਅਤੇ ਸਮੁੱਚੀ ਲੋਕਾਈ ਨੂੰ ਅਕਾਲ ਪੁਰਖ ਨਾਲ ਜੁੜਨ ਅਤੇ ਪਰਮਾਤਮਾ ਨੂੰ ਆਪਣਾ ਓਟ ਆਸਰਾ ਸਮਝਣ ਲਈ ਪ੍ਰੇਰਿਆ | ਬਾਬਾ ਜੀ ਨੇ ਇਤਿਹਾਸਕ ਹਵਾਲਿਆਂ ਨਾਲ ਸਮਝਾਇਆ ਕਿ ਗੁਰੂ ਸਾਹਿਬ ਜੀ ਦਾ ਸਮੁੱਚਾ ਸੰਸਾਰਕ ਜੀਵਨ ਹਰ ਪੱਖੋਂ ਕਿ੍ਸ਼ਮਈ ਅਤੇ ਅਚੰਭਿਤ ਕਰਨ ਵਾਲਾ ਹੈ | ਆਪ ਜੀ ਨੇ ਨੌ ਸਾਲ ਦੀ ਆਯੂ ਵਿਚ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦੂਜੇ ਧਰਮ ਭਾਵ ਜਿਨ੍ਹਾਂ ਨਾਲ ਸਿਧਾਂਤਕ ਮਤਭੇਦ ਸੀ, ਉਨ੍ਹਾਂ ਦੀ ਰੱਖਿਆ ਖਾਤਰ ਕੁਰਬਾਨੀ ਦੇਣ ਲਈ ਭੇਜਿਆ | ਅੱਜ ਦੇ ਦਿਨ 350 ਸਾਲ ਪਹਿਲਾਂ ਨੌ ਸਾਲ ਦੀ ਆਯੂ ਵਿਚ ਆਪ ਜੀ ਨੂੰ ਸ੍ਰੀ ਗੁਰੂ ਨਾਨਕ ਜੋਤ ਦੇ ਦਸਵੇਂ ਵਾਰਸ ਦੇ ਰੂਪ ਵਿੱਚ ਗੁਰਿਆਈ ਪ੍ਰਾਪਤ ਹੋਈ, 42 ਸਾਲ ਦੀ ਆਯੂ ਤੱਕ ਉਨ੍ਹਾਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਆਰੰਭ ਕੀਤੇ ਸਿੱਖ ਧਰਮ ਦੇ ਕ੍ਰਾਂਤੀਕਾਰੀ, ਦਾਰਸ਼ਨਿਕ ਸਿਧਾਂਤਾਂ ਨੂੰ ਤੀਬਰਤਾ ਤੇ ਦੈਵੀ ਕੁਸ਼ਲਤਾ ਨਾਲ ਸਿਖਰ ਤੇ ਪਹੁੰਚਾਇਆ | ਆਪ ਜੀ ਉੱਚ ਕੋਟੀ ਦੇ ਮਹਾਨ ਵਿਦਵਾਨ, ਜਰਨੈਲ, ਅਜੀਮ ਸਾਹਿਤਕਾਰ, ਗੁਰਬਾਣੀ ਸੰਗੀਤ ਦੇ ਰਸੀਏ, ਸਰਬੰਸ ਦਾਨੀ, ਅੰਮਿ੍ਤ ਦੇ ਦਾਤੇ, ਭਗਤੀ-ਸ਼ਕਤੀ ਦੇ ਮੁਜੱਸਮੇ, ਸ਼ਸਤਰ-ਸ਼ਾਸਤਰ ਦੇ ਧਨੀ, ਸੰਤ-ਸਿਪਾਹੀ, ਸਾਹਿਬ-ਏ-ਕਮਾਲ, ਮਰਦ ਅਗੰਮੜੇ ਦੁਸਟ ਦਮਨ, ਅੰਮਿ੍ਤ ਕੇ ਦਾਤੇ ਸਨ | ਅੱਜ ਪਿਛਲੇ ਮਹੀਨੇ ਤੋਂ ਆਰੰਭ ਹੋਏ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮਾਂ ਦੀ ਵੀ ਸਮਾਪਤੀ ਦੀ ਅਰਦਾਸ ਹੋਈ | ਇਸ ਤੋਂ ਪਹਿਲਾਂ ਜਵੱਦੀ ਟਕਸਾਲ ਦੇ ਹੋਣਹਾਰ ਵਿਦਆਰਥੀਆਂ ਨੇ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਅਤੇ ਦਸਮ ਬਾਣੀ ਦੇ ਕੀਰਤਨ ਕੀਤੇ | ਮਹਾਂਪੁਰਸ਼ਾਂ ਨੇ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ 29 ਤੱਕ ਸ਼੍ਰੀ ਅਨੰਦਪੁਰ ਸਾਹਿਬ ਹੋ ਰਹੇ ਸ਼ਹੀਦੀ ਸ਼ਤਾਬਦੀ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਕੀਤੀ ਅਪੀਲ |