ਲੁਧਿਆਣ, 23 ਨਵੰਬਰ (ਜਤਿੰਦਰ ਭੰਬੀ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ ) ਫੋਕਲ ਪੁਆਇੰਟ ਵਿਖੇ ਉਦਯੋਗ ਮੰਤਰੀ ਸੰਜੀਵ ਅਰੋੜਾ ਵਲੋਂ ਉਦਯੋਗ ਪ੍ਰਤੀਨਿਧੀਆਂ ਨਾਲ ਉਦਯੋਗ ਦੀ ਬਿਹਤਰੀ ਲਈ ਇਕ ਅਹਿਮ ਮੀਟਿੰਗ ਕੀਤੀ ਗਈ | ਇਸ ਮੌਕੇ ਉਦਯੋਗ ਮੰਤਰੀ ਅਰੋੜਾ ਨੇ ਕਈ ਮਹੱਤਵਪੂਰਨ ਉਦਯੋਗਿਕ ਫੈਸਲਿਆਂ ਦਾ ਐਲਾਨ ਕੀਤਾ, ਜਿਨ੍ਹਾਂ ਵਿਚ ਕੁਝ ਮਨਜ਼ੂਰ ਹੋ ਚੁੱਕੇ ਹਨ ਅਤੇ ਕੁਝ ਪ੍ਰਕਿਰਿਆ ਅਧੀਨ ਹਨ | ਇਸ ਮੌਕੇ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਅਹੂਜਾ ਨੇ ਉਦਯੋਗ ਮੰਤਰੀ ਅਰੋੜਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਉਦਯੋਗ ਸੁਧਾਰਾਂ ਲਈ ਦਿੱਤੇ ਜਾ ਰਹੇ ਸਹਿਯੋਗ ਦਾ ਧੰਨਵਾਦ ਕੀਤਾ | ਉਨ੍ਹਾਂ ਨੇ ਪੀ.ਐਸ.ਆਈ.ਈ.ਸੀ. ਨਾਲ ਸੰਬਧਿਤ ਓ.ਟੀ.ਐਸ. ਵਰਗੇ ਜੁੜੇ ਮਸਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਟੈਂਪ ਡਿਊਟੀ ਯੁਕਤੀਕਰਨ, ਬਿਜਲੀ ਕਨੈਕਸ਼ਨ ਪ੍ਰਕਿਰਿਆ ਦੀ ਸਾਦਗੀਕਰਨ ਆਦਿ ਉਦਯੋਗ ਲਈ ਲਾਹੇਬੰਦ ਸਾਬਤ ਹੋਣਗੇ | ਉਦਯੋਗ ਮੰਤਰੀ ਅਰੋੜਾ ਨੇ ਘੋਸ਼ਣਾ ਕੀਤੀ ਕਿ ਪੀ.ਐਸ.ਆਈ.ਈ.ਸੀ.ਦੀ ਨਵੀਂ ਨੀਤੀ ਜਲਦੀ ਲਾਗੂ ਕੀਤੀ ਜਾਵੇਗੀ, ਜਿਸ ਨਾਲ ਉਦਯੋਗਿਕ ਪਲਾਟਾਂ ਨਾਲ ਸੰਬੰਧਤ ਦਹਾਕਿਆਂ ਤੋਂ ਲਟਕਦੇ ਮਲਕੀਅਤ ਮਸਲੇ ਸੁਲਝਣਗੇ | ਉਨ੍ਹਾਂ ਕਿਹਾ ਕਿ ਲੁਧਿਆਣਾ ਅਤੇ ਮੋਹਾਲੀ ਵਿੱਚ ਦੋ ਵਿਸ਼ਵ-ਪੱਧਰੀ ਪ੍ਰਦਰਸ਼ਨੀਆਂ ਅਤੇ ਬਿਜ਼ਨਸ ਇਵੈਂਟਾਂ ਸਥਾਪਤ ਕੀਤੇ ਜਾਣਗੇ ਜਿਸ ਨਾਲ ਪੰਜਾਬ ਵਿਸ਼ਵ ਪੱਧਰੀ ਉਦਯੋਗਿਕ ਪ੍ਰਦਰਸ਼ਨੀਆਂ ਅਤੇ ਬਿਜ਼ਨਸ ਇਵੈਂਟਾਂ ਦਾ ਕੇਂਦਰ ਬਣ ਜਾਵੇਗਾ | ਇਸ ਮੌਕੇ ਸੀਸੂ ਪ੍ਰਧਾਨ ਉਪਕਾਰ ਸਿੰਘ ਆਹੂਜਾ, ਓਾਕਾਰ ਪਾਹਵਾ, ਮਿ੍ਦੁਲਾ ਜੈਨ, ਅਜੀਤ ਲੱਕੜਾ, ਸੁਭਾਸ ਬਾਜਾਜ, ਗਰਗ, ਬੱਸੀ, ਰਾਮ ਲੁਬਾਇਆ, ਅਖਿਲ ਸੇਠ, ਰਾਹੁਲ ਅਹੂਜਾ ਆਦਿ ਨੇ ਉਦਯੋਗ ਮੰਤਰੀ ਅਰੋੜਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਕ ਕੀਤਾ |