ਲੁਧਿਆਣਾ, 18 ਦਸੰਬਰ (ਜਸਵਿੰਦਰ ਸਿੰਘ)-ਬੀਤੇ ਦਿਨੀਂ ਮੌਸਮ ਵਿਭਾਗ ਵਲੋਂ ਸੰਘਣੀ ਧੁੰਦ ਨੂੰ ਲੈ ਕੇ ਯੈਲੋ ਅਲਰਟ ਕੀਤਾ ਗਿਆ ਸੀ | ਸੰਘਣੀ ਧੁੰਦ ਦਾ ਅਸਰ ਪੇਂਡੂ ਖੇਤਰਾਂ ਵਿਚ ਜ਼ਿਆਦਾ ਦਿਖਾਈ ਦੇ ਰਿਹਾ ਸੀ, ਪਰ ਬੀਤੀ ਰਾਤ ਤੋਂ ਹੀ ਸੰਘਣੀ ਧੁੰਦ ਨੇ ਪਿੰਡਾਂ ਦੇ ਨਾਲ ਨਾਲ ਸ਼ਹਿਰੀ ਖੇਤਰਾਂ ਨੂੰ ਵੀ ਆਪਣੀ ਚਪੇਟ ਵਿਚ ਲੈ ਲਿਆ | ਮੌਸਮ ਵਿਭਾਗ ਵਲੋਂ ਅਗਲੇ ਤਿੰਨ ਦਿਨਾਂ ਤੱਕ ਸੰਘਣੀ ਧੁੰਦ ਦਾ ਔਰੰਜ ਅਲਰਟ ਜਾਰੀ ਕੀਤਾ ਗਿਆ ਹੈ | ਸੰਘਣੀ ਧੁੰਦ ਦੇ ਕਾਰਨ ਰਾਤ ਦੇ ਨਾਲ ਨਾਲ ਦਿਨ ਦੇ ਤਾਪਮਾਨ ਵਿਚ ਵੀ ਗਿਰਾਵਟ ਦਰਜ ਕੀਤੀ ਗਈ ਹੈ | ਸੰਘਣੀ ਧੁੰਦ ਦੇ ਕਾਰਨ ਸੜਕਾਂ 'ਤੇ ਦੌੜਦੇ ਵਾਹਨਾਂ ਦੀ ਗਤੀ ਵੀ ਮੱਠੀ ਦੇਖਣ ਨੂੰ ਮਿਲੀ ਅਤੇ ਰੇਲ ਗੱਡੀਆਂ ਦੇ ਨਾਲ ਨਾਲ ਹਵਾਈ ਉਡਾਨਾਂ ਦੇ ਵਿਚ ਦੇਰੀ ਅਤੇ ਰੱਦ ਹੋਣ ਦੇ ਕਾਰਨ ਯਾਤਰੀ ਵੀ ਪ੍ਰਭਾਵਿਤ ਦਿਖਾਈ ਦਿੱਤੇ | ਮੌਸਮ ਵਿਭਾਗ ਦੇ ਮਾਹਿਰਾਂ ਦੀ ਮੰਨੀਏ ਤਾਂ ਇਹ ਹਫ਼ਤਾ ਸੰਘਣੀ ਧੁੰਦ ਦੀ ਮਾਰ ਹੇਠ ਹੀ ਨਿਕਲੇਗਾ |