ਤਰਨ ਤਾਰਨ, 18 ਦਸੰਬਰ (ਹਰਿੰਦਰ ਸਿੰਘ)- ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਸਾਂਝੇ ਧੜੇ ਪੀ.ਐੱਸ.ਈ.ਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ-ਸਟੇਸ਼ਨ ਇੰਪਲਾਈਜ਼ ਯੂਨੀਅਨ, ਪਾਵਰਕਾਮ ਐਂਡ ਟ੍ਰਾਂਸ਼ਕੋ ਪੈਨਸ਼ਨਰਜ਼ ਯੂਨੀਅਨ ਪੰਜਾਬ (ਸਬੰਧਤ ਏਟਕ) ਅਤੇ ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ (ਪਹਿਲਵਾਨ) ਨੇ ਭਗਵੰਤ ਮਾਨ ਸਰਕਾਰ ਦੇ ਪਾਵਰਕਾਮ ਅਦਾਰੇ ਨੂੰ ਖਤਮ ਕਰਕੇ ਪੂੰਜੀਪਤੀਆਂ ਦੇ ਹਵਾਲੇ ਕਰਨ ਦੇ ਲੋਕ ਵਿਰੋਧੀ ਮਨਸੂਬਿਆਂ ਤਹਿਤ ਬਿਜਲੀ ਨਿਗਮ ਦੀਆਂ ਜਾਇਦਾਦਾਂ ਵੇਚਣ ਦੇ ਘਾਤਕ ਫੈਸਲੇ ਖਿਲਾਫ਼ ਅਤੇ ਬਿਜਲੀ ਸੋਧ ਬਿੱਲ 2025 ਦੇ ਖਰੜੇ ਵਿਰੁੱਧ ਹੰਗਾਮੀ ਮੀਟਿੰਗ ਰਤਨ ਸਿੰਘ ਮਜਾਰੀ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸ਼ਾਮਿਲ ਆਗੂਆਂ ਨੇ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਸਰਕਾਰੀ ਅਦਾਰਿਆਂ ਨੂੰ ਖਤਮ ਕਰਨ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਕਰੜੀ ਨਿੰਦਾ ਕਰਦੇ ਹੋਏ ਬਿਜਲੀ ਨਿਗਮ ਦੀਆਂ ਜਾਇਦਾਦਾਂ ਵੇਚਣ ਖਿਲਾਫ਼ ਨਵੇਂ ਸਾਲ ਦੇ ਪਹਿਲੇ ਦਿਨ 1 ਜਨਵਰੀ ਤੋਂ 9 ਜਨਵਰੀ ਤੱਕ ਪਾਵਰਕਾਮ ਦੇ ਮੁੱਖ ਦਫਤਰ ਪਟਿਆਲਾ ਦੇ ਗੇਟ ਸਾਹਮਣੇ 11 ਆਗੂਆਂ ਵਲੋਂ ਲੜੀਵਾਰ 24 ਘੰਟੇ ਲਈ ਭੁੱਖ ਹੜਤਾਲ ਰੱਖ ਕੇ ਰੋਜ਼ਾਨਾ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ | ਇਸ ਮੀਟਿੰਗ ਵਿਚ ਨਿੰਦਾ ਮਤਾ ਪਾਸ ਕਰਕੇ 12 ਦਸੰਬਰ ਨੂੰ ਅਦਾਰੇ ਦੇ ਸੀ.ਐੱਮ.ਡੀ ਵਲੋਂ ਮੁੱਖ ਦਫ਼ਤਰ ਵਿਚ ਮੌਜੂਦ ਹੋਣ ਦੇ ਬਾਵਜੂਦ ਵੀ ਜਥੇਬੰਦੀਆਂ ਨੂੰ ਪਹਿਲਾਂ ਤੋਂ ਤੈਅ ਕੀਤੀ ਲਿਖਤੀ ਮੀਟਿੰਗ ਦੇ ਬਾਵਜੂਦ ਜਾਣਬੁੱਝ ਕੇ ਮੁਲਾਕਾਤ ਨਾ ਕੀਤੇ ਜਾਣ ਦੀ ਨਿਖੇਧੀ ਕੀਤੀ ਗਈ | ਸਾਂਝੇ ਧੜੇ ਦੀ ਲੀਡਰਸ਼ਿਪ ਨੇ 16 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਅਤੇ ਮੁਲਾਜ਼ਮ, ਮਜ਼ਦੂਰ, ਪੈਨਸ਼ਨਰ, ਨੌਜਵਾਨ, ਵਿਦਿਆਰਥੀ ਜਥੇਬੰਦੀਆਂ ਦੇ ਸਾਂਝੇ ਸੱਦੇ ਤੇ ਪਾਵਰਕਾਮ ਦੇ ਐੱਸ.ਈ ਦਫਤਰਾਂ ਸਾਹਮਣੇ ਰੋਸ ਧਰਨਿਆਂ ਨੂੰ ਕਾਮਯਾਬ ਕਰਨ ਤੋਂ ਇਲਾਵਾ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੇ ਸੱਦੇ 'ਤੇ 21 ਜਨਵਰੀ ਨੂੰ ਪਾਵਰਕਾਮ ਦੇ ਮੁੱਖ ਦਫਤਰ ਪਟਿਆਲਾ ਸਾਹਮਣੇ ਪੰਜਾਬ ਸਰਕਾਰ ਵਲੋਂ ਅਦਾਰੇ ਦੀਆਂ ਜਾਇਦਾਦਾਂ ਵੇਚਣ ਦੀਆਂ ਵਿਉਂਤਬੰਦੀਆਂ ਖਿਲਾਫ਼ ਅਤੇ ਸਾਂਝੇ ਧੜੇ ਵਿਚ ਸ਼ਾਮਿਲ ਜਥੇਬੰਦੀਆਂ ਨਾਲ 10 ਅਗਸਤ ਅਤੇ 14 ਅਗਸਤ ਨੂੰ ਮੁਲਾਜ਼ਮ ਅਤੇ ਪੈਨਸ਼ਨਰ ਮਸਲਿਆਂ ਦੇ ਨਿਪਟਾਰੇ ਸਬੰਧੀ ਕੀਤੇ ਸਮਝੌਤੇ ਲਾਗੂ ਨਾ ਕਰਨ ਖਿਲਾਫ਼ ਵੱਡੇ ਪੱਧਰ 'ਤੇ ਰੋਸ ਧਰਨਾ ਲਗਾ ਕੇ ਸ਼ਹਿਰ ਵਿਚ ਕੀਤੇ ਜਾਣ ਵਾਲੇ ਝੰਡਾ ਮਾਰਚ ਲਈ ਵੱਡੀ ਲਾਮਬੰਦੀ ਕਰਨ ਦਾ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਨੂੰ ਸੱਦਾ ਦਿੱਤਾ | ਆਗੂਆਂ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਬਿਜਲੀ ਸੋਧ ਬਿੱਲ 2025 ਅੱਜ ਪਾਰਲੀਮੈਂਟ ਦੇ ਸਰਦ ਰੁੱਤ ਸਮਾਗਮ ਵਿਚ ਪੇਸ਼ ਕੀਤਾ ਤਾਂ ਕੱਲ੍ਹ ਨੂੰ ਪੰਜਾਬ ਦੀਆਂ ਮੁਲਾਜ਼ਮ, ਮਜ਼ਦੂਰ, ਪੈਨਸ਼ਨਰ, ਕਿਸਾਨ ਜਥੇਬੰਦੀਆਂ ਕਾਲਾ ਦਿਨ ਮਨਾਉਣ ਲਈ ਮੁਲਾਜ਼ਮ ਦਫਤਰਾਂ ਵਿਚ ਕਾਲੀਆਂ ਪੱਗਾਂ ਬੰਨ੍ਹ ਕੇ ਅਤੇ ਔਰਤ ਕਰਮਚਾਰਣਾਂ ਕਾਲੇ ਦੁਪੱਟੇ ਲੈ ਕੇ ਜਾਂ ਕਾਲੇ ਬਿੱਲੇ ਲਗਾ ਕੇ ਬਿਜਲੀ ਸੋਧ ਬਿੱਲ 2025 ਦੇ ਖਿਲਾਫ਼ ਗੇਟ ਰੈਲੀਆਂ ਕਰਕੇ ਜੋਰਦਾਰ ਢੰਗ ਨਾਲ ਆਵਾਜ਼ ਬੁਲੰਦ ਕਰਨਗੇ | ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੇ ਆਗੂਆਂ ਹਰਪਾਲ ਸਿੰਘ, ਗਰਵੇਲ ਸਿੰਘ ਬੱਲਪੁਰੀਆ ਬਲਦੇਵ ਸਿੰਘ ਮੰਡਾਲੀ, ਰਾਧੇ ਸ਼ਿਆਮ, ਕੁਲਵਿੰਦਰ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਚਾਹਲ, ਗੁਰਭੇਜ ਸਿੰਘ ਢਿੱਲੋਂ, ਸਰਿੰਦਰਪਾਲ ਲਹੌਰੀਆ, ਬਲਜੀਤ ਸਿੰਘ ਮੋਦਲਾ, ਰਵੇਲ ਸਿੰਘ ਸਹਾਏਪੁਰ, ਹਰਮਨਦੀਪ, ਦਵਿੰਦਰ ਸਿੰਘ ਪਿਸ਼ੋਰ, ਪੂਰਨ ਸਿੰਘ ਖਾਈ, ਗੁਰਵਿੰਦਰ ਸਿੰਘ ਹਜ਼ਾਰਾ, ਜਸਵੀਰ ਸਿੰਘ ਆਂਡਲੂ, ਜਰਨੈਲ ਸਿੰਘ, ਕਰਮਜੀਤ ਸਿੰਘ ਪਟਿਆਲਾ, ਗੁਰਤੇਜ ਸਿੰਘ ਪੱਖੋ, ਦਰਸ਼ਨ ਸਿੰਘ ਰਜੀਆ, ਬਾਬਾ ਅਮਰਜੀਤ ਸਿੰਘ, ਗੁਰਪਿਆਰ ਸਿੰਘ, ਪਵਨਪ੍ਰੀਤ ਸਿੰਘ ਆਦਿ ਮੌਜੂਦ ਸਨ |