ਢੰਡਾਰੀ ਕਲਾਂ/ਲੁਧਿਆਣਾ, 21 ਦਸੰਬਰ (ਜਸਵੀਰ ਸਿੰਘ ਬੰਗਾ)-ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਛੀਨਾ ਨੇ ਦੱਸਿਆ ਕਿ ਉਨ੍ਹਾਂ ਕੇਜਰੀਵਾਲ ਪਾਸੋਂ ਮੰਗ ਕੀਤੀ ਕਿ ਹਲਕਾ ਦੱਖਣੀ ਵਿਚ ਸਬ ਤਹਿਸੀਲ ਨਾ ਹੋਣ ਕਾਰਨ ਆਸ-ਪਾਸ ਦੇ ਲੋਕਾਂ ਨੂੰ ਕੰਮਕਾਜ ਕਰਵਾਉਣ ਲਈ ਪਿੰਡ ਗਿੱਲ ਜਾਣਾ ਪੈਂਦਾ ਹੈ, ਪਿੰਡ ਗਿੱਲ ਦੂਰ ਹੋਣ ਕਾਰਨ ਜਿੱਥੇ ਲੋਕਾਂ ਦੇ ਸਮੇਂ ਦੀ ਬਰਬਾਦੀ ਹੁੰਦੀ ਹੈ, ਉਥੇ ਉਨ੍ਹਾਂ ਨੂੰ ਖੱਜਲ ਖੁਆਰ ਵੀ ਹੋਣਾ ਪੈਂਦਾ ਹੈ | ਵਿਧਾਇਕ ਛੀਨਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਇਸ ਮੁੱਦੇ ਨੂੰ ਵਿਧਾਨ ਸਭਾ ਵਿਚ ਵੀ ਰੱਖ ਚੁੱਕੇ ਹਨ | ਉਨ੍ਹਾਂ ਕਿਹਾ ਕਿ ਹਲਕਾ ਦੱਖਣੀ 'ਚ ਫਾਇਰ ਸਟੇਸ਼ਨ ਅਤੇ ਈਸ਼ਰ ਨਗਰ ਵਿਚ 66 ਕੇਵੀ ਸਬ ਸਟੇਸ਼ਨ ਬਣਾਉਣ ਦੀ ਮੰਗ ਵੀ ਕੀਤੀ ਗਈ ਹੈ | ਵਿਧਾਇਕ ਛੀਨਾ ਦੱਸਿਆ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦੀ ਗੱਲ ਨੂੰ ਧਿਆਨ ਨਾਲ ਸੁਣਿਆ ਅਤੇ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਵਲੋਂ ਰੱਖੀਆਂ ਗਈਆਂ ਮੰਗਾਂ ਨੂੰ ਜਲਦ ਹੀ ਪੂਰਾ ਕਰਨ ਦਾ ਯਤਨ ਕਰਨਗੇ | ਇਸ ਮੌਕੇ ਹਲਕਾ ਦੱਖਣੀ ਦੇ ਕੋਆਰਡੀਨੇਟਰ ਹਰਪ੍ਰੀਤ ਸਿੰਘ ਛੀਨਾ ਵੀ ਉਨ੍ਹਾਂ ਦੇ ਨਾਲ ਸਨ |