ਲੁਧਿਆਣਾ, 21 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਫਿਰੋਜ਼ਪੁਰ ਰੋਡ 'ਤੇ ਵੇਰਕਾ ਕੱਟ ਨੇੜੇ ਅੱਜ ਤੜਕੇ 3 ਵਜੇ ਦੇ ਕਰੀਬ ਦੋ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ ਵਿਚ ਇਕ 16 ਸਾਲ ਦੀ ਲੜਕੀ ਦੀ ਮੌਤ ਹੋ ਗਈ, ਜਦਕਿ ਕਾਰ ਵਿਚ ਬੈਠੇ ਪੰਜ ਹੋਰ ਨੌਜਵਾਨ ਜ਼ਖਮੀ ਹੋ ਗਏ, ਜਿਨਾਂ ਵਿਚ ਦੋ ਲੜਕੇ ਅਤੇ ਤਿੰਨ ਲੜਕੀਆਂ ਸ਼ਾਮਿਲ ਹਨ | ਸੜਕ ਹਾਦਸੇ ਵਿਚ ਇਨੋਵਾ ਕਾਰ ਚਾਲਕ ਵੀ ਗੰਭੀਰ ਜ਼ਖਮੀ ਹੋ ਗਿਆ, ਇਨ੍ਹਾਂ ਜ਼ਖਮੀ ਵਿਅਕਤੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ | ਘਟਨਾ ਅੱਜ ਤੜਕੇ ਉਸ ਵਕਤ ਵਾਪਰੀ ਜਦੋਂ ਉਮੈਕਸ ਦੀ ਰਹਿਣ ਵਾਲੀ ਲੜਕੀ ਰਾਸ਼ੀ ਸੇਠੀ ਪੁੱਤਰੀ ਰਜੀਵ ਸੇਠੀ ਆਪਣੇ ਪੰਜ ਦੋਸਤਾਂ ਨਾਲ ਸਹੇਲੀ ਸੁਹਾਣੀ ਦਾ ਜਨਮ ਦਿਨ ਮਨਾ ਕੇ ਵਾਪਸ ਪਰਤ ਰਹੀ ਸੀ, ਜਦੋਂ ਉਨ੍ਹਾਂ ਦੀ ਕਾਰ ਵੇਰਕਾ ਕੱਟ ਨੇੜੇ ਪਹੁੰਚੀ ਤਾਂ ਵੇਰਕਾ ਕੱਟ 'ਤੇ ਮੋੜ ਕੱਟ ਰਹੀ ਇੱਕ ਇਨੋਵਾ ਕਾਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ, ਜਿਸ ਦੇ ਸਿੱਟੇ ਵਜੋਂ ਕਾਰ ਵਿਚ ਬੈਠੇ ਛੇ ਨੌਜਵਾਨ ਜਿਨ੍ਹਾਂ ਵਿਚ ਦੋ ਲੜਕੇ ਅਤੇ ਚਾਰ ਲੜਕੀਆਂ ਸਨ ਜ਼ਖਮੀ ਹੋ ਗਏ | ਇਨ੍ਹਾਂ ਸਾਰਿਆਂ ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਰਾਸ਼ੀ ਨੂੰ ਡਾਕਟਰਾਂ ਨੇ ਮਿ੍ਤਕ ਕਰਾਰ ਦੇ ਦਿੱਤਾ, ਜਦਕਿ ਇਸ ਹਾਦਸੇ ਵਿਚ ਜ਼ਖਮੀ ਹੋਏ ਵਿਅਕਤੀਆਂ ਵਿਚ ਨਵਿਆ ਪੂਰਵੀ, ਦੇਵ ਮਲਹੋਤਰਾ, ਸਾਥਵਿਕ ਸੁਹਾਨੀ ਸ਼ਾਮਿਲ ਹਨ | ਇਹ ਸਾਰੇ ਉਮੈਕਸ ਫਲੈਟ ਪੱਖੋਵਾਲ ਰੋਡ ਦੇ ਰਹਿਣ ਵਾਲੇ ਹਨ | ਇਸ ਸੜਕ ਹਾਦਸੇ ਵਿਚ ਸੁਖਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਾਇਲ ਵੀ ਗੰਭੀਰ ਜ਼ਖਮੀ ਹੋਇਆ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਅੱਖੀਂ ਦੇਖਣ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਕਾਰਾਂ ਪੂਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਹਨ ਅਤੇ ਕਾਰਾਂ ਦੇ ਏਅਰ ਬੈਗ ਵੀ ਖੁੱਲ ਗਏ, ਇਨ੍ਹਾਂ ਵਿਅਕਤੀਆਂ ਨੂੰ ਬੜੀ ਮੁਸ਼ਕਿਲ ਨਾਲ ਕਾਰਾਂ ਤੋਂ ਬਾਹਰ ਕੱਢ ਕੇ ਹਸਪਤਾਲ ਦਾਖਲ ਕਰਵਾਇਆ ਗਿਆ | ਕਾਰ ਦੇਵ ਮਲਹੋਤਰਾ ਚਲਾ ਰਿਹਾ ਸੀ | ਪੁਲਿਸ ਨੇ ਹਾਲ ਦੀ ਘੜੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |