ਲੁਧਿਆਣਾ, 21 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਲੋਕਾਂ ਨਾਲ ਠੱਗੀਆਂ ਕਰਨ ਦੇ ਦੋਸ਼ ਤਹਿਤ ਇਕ ਨਕਲੀ ਪਟਵਾਰੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਬੇਅੰਤ ਕਾਲੋਨੀ ਦੇ ਰਹਿਣ ਵਾਲੇ ਲਵਦੀਪ ਸਿੰਘ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸੰਬੰਧੀ ਗੁਰਜਿੰਦਰ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੂੰ ਮਾਲ ਵਿਭਾਗ ਸਬੰਧੀ ਕੋਈ ਕੰਮ ਸੀ, ਜਿਸ ਕਾਰਨ ਉਕਤ ਕਥਿਤ ਦੋਸ਼ੀ ਉਸ ਨੂੰ ਮਿਲਿਆ ਅਤੇ ਕਥਿਤ ਦੋਸ਼ੀ ਨੇ ਆਪਣੇ ਆਪ ਨੂੰ ਪਟਵਾਰੀ ਦੱਸ ਕੇ ਉਸ ਪਾਸੋਂ ਹਜ਼ਾਰਾਂ ਰੁਪਏ ਦੀ ਨਗਦੀ ਹਾਸਿਲ ਕਰ ਲਈ, ਪਰ ਬਾਅਦ ਵਿਚ ਉਸ ਨੂੰ ਪਤਾ ਲੱਗਿਆ ਕਿ ਕਥਿਤ ਦੋਸ਼ੀ ਪਟਵਾਰੀ ਨਹੀਂ ਹੈ, ਜਦੋਂ ਉਸ ਨੇ ਕਥਿਤ ਦੋਸ਼ੀ ਪਾਸੋਂ ਪੈਸੇ ਦੀ ਮੰਗ ਕੀਤੀ ਤਾਂ ਉਹ ਧਮਕੀਆਂ ਦੇਣ ਲੱਗ ਪਿਆ, ਜਿਸ 'ਤੇ ਸ਼ਿਕਾਇਤਕਰਤਾ ਨੇ ਇਹ ਸਾਰਾ ਮਾਮਲਾ ਵਿਜੀਲੈਂਸ ਬਿਊਰੋ ਦੇ ਧਿਆਨ ਵਿਚ ਲਿਆਂਦਾ ਤਾਂ ਜਾਂਚ ਦੌਰਾਨ ਗੁਰਜਿੰਦਰ ਸਿੰਘ ਦੇ ਪਟਵਾਰੀ ਨਾ ਹੋਣ ਬਾਰੇ ਪਤਾ ਲੱਗਿਆ, ਜਿਸ 'ਤੇ ਸ਼ਿਕਾਇਤਕਰਤਾ ਵਲੋਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ | ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ ਵਿਚ ਗਿ੍ਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ |