ਫੁੱਲਾਂਵਾਲ, 21 ਦਸੰਬਰ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਪਿੰਡ ਠੱਕਰਵਾਲ ਦੀ ਵਿੱਦਿਅਕ ਸੰਸਥਾ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੀ ਗੱਤਕਾ ਟੀਮ ਨੇ ਮਹਾਰਾਸ਼ਟਰ ਸਰਕਾਰ ਵਲੋਂ ਨਾਗਪੁਰ ਵਿਖੇ ਕਰਵਾਏ ਗਏ ਗੱਤਕਾ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ | ਸਕੂਲ ਪ੍ਰਬੰਧਕਾਂ ਵਲੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਮੁਕਾਬਲਿਆਂ ਵਿਚ ਪੂਰੇ ਭਾਰਤ ਤੋਂ 350 ਦੇ ਲਗਭਗ ਟੀਮਾਂ ਨੇ ਹਿੱਸਾ ਲਿਆ | ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਦੀ ਗੱਤਕਾ ਟੀਮ ਨੇ ਗੱਤਕਾ ਕੋਚ ਗੁਰਪ੍ਰੀਤ ਸਿੰਘ ਅੰਤਰਰਾਸ਼ਟਰੀ ਐਥਲੀਟ ਦੀ ਅਗਵਾਈ ਹੇਠ ਇਨ੍ਹਾਂ ਵਿਚ ਹਿੱਸਾ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ | ਜਿੱਤ ਤੋਂ ਬਾਅਦ ਸਕੂਲ ਪਹੁੰਚਣ 'ਤੇ ਸਕੂਲ ਦੇ ਪ੍ਰਧਾਨ ਕੁਲਵਿੰਦਰ ਸਿੰਘ ਆਹਲੂਵਾਲੀਆ, ਮੈਨੇਜਰ ਜਸਲੀਨ ਕੌਰ ਆਹਲੂਵਾਲੀਆ ਅਤੇ ਪਿ੍ੰਸੀਪਲ ਕਿਰਨਜੀਤ ਕੌਰ ਨੇ ਗੱਤਕਾ ਟੀਮ ਨੂੰ ਉਨ੍ਹਾਂ ਦੀ ਪ੍ਰਭਾਵਸ਼ਾਲੀ ਸਫਲਤਾ 'ਤੇ ਨਿੱਘਾ ਸਵਾਗਤ ਕਰਦਿਆਂ ਵਧਾਈ ਦਿੱਤੀ ਅਤੇ ਹੋਰ ਬੱਚਿਆਂ ਨੂੰ ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ |