ਲੁਧਿਆਣਾ, 23 ਦਸੰਬਰ (ਭੁਪਿੰਦਰ ਸਿੰਘ ਬੈਂਸ)-ਮਾਡਲ ਟਾਊਨ ਮਾਰਕੀਟ ਦੇ ਵਪਾਰੀਆਂ ਤੇ ਸਥਾਨਕ ਵਸਨੀਕਾਂ ਦੀਆਂ ਸਮੱਸਿਆਵਾਂ ਨੰੂ ਲੈ ਕੇ ਮਾਡਲ ਟਾਊਨ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਦਾ ਇਕ ਵਫ਼ਦ ਪ੍ਰਧਾਨ ਦਲਜੀਤ ਸਿੰਘ ਟੱਕਰ ਦੀ ਅਗਵਾਈ ਹੇਠ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਨੰੂ ਮਿਲਿਆ | ਇਸ ਮੌਕੇ ਵਫ਼ਦ ਵਲੋਂ ਮਾਡਲ ਟਾਊਨ ਮਾਰਕੀਟ ਵਿਚ ਰਾਤ ਸਮੇਂ ਰੌਸ਼ਨੀ ਦੀ ਘਾਟ ਕਾਰਨ ਵਪਾਰੀਆਂ ਤੇ ਆਮ ਲੋਕਾਂ ਨੰੂ ਆ ਰਹੀਆਂ ਮੁਸ਼ਕਿਲਾਂ ਬਾਰੇ ਚੇਅਰਮੈਨ ਨੰੂ ਜਾਣੂ ਕਰਵਾਇਆ | ਵਫ਼ਦ ਨੇ ਮੰਗ ਕੀਤੀ ਕਿ ਮਾਰਕੀਟ ਦੇ ਮੁੱਖ ਚੌਕਾਂ ਤੇ ਅੰਦਰੂਨੀ ਰਾਹਾਂ 'ਤੇ ਹਾਈ ਮਾਸਟ ਲਾਈਟਾਂ ਲਗਾਈਆਂ ਜਾਣ, ਤਾਂ ਜੋ ਸੁਰੱਖਿਆ ਵਧੇ ਤੇ ਰਾਤ ਦੇ ਸਮੇਂ ਵੀ ਵਪਾਰ ਸੁਚੱਜੇ ਢੰਗ ਨਾਲ ਚੱਲ ਸਕੇ | ਵਫ਼ਦ ਨੇ ਇਹ ਵੀ ਦੱਸਿਆ ਕਿ ਰੌਸ਼ਨੀ ਦੀ ਕਮੀ ਕਾਰਨ ਚੋਰੀਆਂ ਤੇ ਅਣਚਾਹੀਆਂ ਘਟਨਾਵਾਂ ਦਾ ਡਰ ਬਣਿਆ ਰਹਿੰਦਾ ਹੈ, ਜਿਸ ਨਾਲ ਵਪਾਰ 'ਤੇ ਮਾੜਾ ਅਸਰ ਪੈਂਦਾ ਹੈ | ਇਲਾਕੇ ਦੀ ਸੁਰੱਖਿਆ ਤੇ ਸੁੰਦਰਤਾ ਲਈ ਇਹ ਮੰਗ ਬਹੁਤ ਜ਼ਰੂਰੀ ਹੈ | ਚੇਅਰਮੈਨ ਤਰਸੇਮ ਸਿੰਘ ਭਿੰਡਰ ਨੇ ਵਫ਼ਦ ਨੰੂ ਭਰੋਸਾ ਦਿਵਾਇਆ ਕਿ ਮਾਡਲ ਟਾਊਨ ਮਾਰਕੀਟ ਦੀ ਇਸ ਮੰਗ ਨੰੂ ਗੰਭੀਰਤਾ ਨਾਲ ਲਿਆ ਜਾਵੇਗਾ ਤੇ ਸੰਬੰਧਿਤ ਵਿਭਾਗਾਂ ਨਾਲ ਸਲਾਹ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਮਾਰਕੀਟਾਂ ਦੀ ਬੁਨਿਆਦੀ ਸੁਵਿਧਾਵਾਂ ਸੁਧਾਰਨਾ ਨਗਰ ਸੁਧਾਰ ਟਰੱਸਟ ਦੀ ਪਹਿਲ ਹੈ | ਇਸ ਮੌਕੇ ਪਿ੍ੰਸ ਜੌਹਰ, ਅਜੀਤ ਪਾਲ ਸਿੰਘ, ਅਰਵਿੰਦ ਸ਼ਰਮਾ ਵੀ ਮੌਜੂਦ ਸਨ |