ਲੁਧਿਆਣਾ, 24 ਦਸੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਬਿਲਡਿੰਗ ਬਰਾਂਚ ਵਿਚ ਚੱਲ ਰਹੇ ਕਥਿਤ ਘਪਲਿਆਂ ਨੰੂ ਰੋਕਣ ਲਈ ਕੀਤੇ ਜਾ ਰਹੇ ਦਾਅਵੇ ਹਕੀਕਤ ਵਿਚ ਨਾਕਾਮ ਦਿਖਾਈ ਦੇ ਰਹੇ ਹਨ | ਬਰਾਂਚ ਦੀ ਕਾਰਗੁਜ਼ਾਰੀ ਨੰੂ ਵੇਖ ਕੇ ਸਪਸ਼ਟ ਹੁੰਦਾ ਹੈ ਕਿ ਨਿਗਮ ਵਿਚ ਸਹਾਇਕ ਟਾਊਨ ਪਲਾਨਰ (ਏ.ਟੀ.ਪੀ.) ਸਿਸਟਮ ਹੀ ਸਵਾਲਾਂ ਦੇ ਘੇਰੇ ਵਿਚ ਆ ਚੁੱਕਾ ਹੈ, ਜੋ ਕਥਿਤ ਤੌਰ 'ਤੇ ਘਪਲਿਆਂ ਦਾ ਕੇਂਦਰ ਬਣਦਾ ਜਾ ਰਿਹਾ ਹੈ | ਦੋਸ਼ ਲੱਗ ਰਹੇ ਹਨ ਕਿ ਜਦ ਤਕ ਨਗਰ ਨਿਗਮ ਪ੍ਰਸ਼ਾਸਨ ਸੱਤਾਧਾਰੀ ਵਿਧਾਇਕਾਂ ਦੀ ਮਰਜ਼ੀ ਤੋਂ ਬਿਨਾਂ ਆਪਣੀ ਤਰਫ਼ੋਂ ਏ.ਟੀ.ਪੀ. ਤੈਨਾਤ ਕਰਨ ਦੀ ਹਿੰਮਤ ਨਹੀਂ ਕਰਦਾ, ਤਦ ਤਕ ਬਿਲਡਿੰਗ ਬਰਾਂਚ ਵਿਚ ਸੁਧਾਰ ਸੰਭਵ ਨਹੀਂ | ਨਿਗਮ ਅੰਦਰ ਹਾਲਾਤ ਇਹ ਹਨ ਕਿ ਸੱਤਾਧਾਰੀ ਵਿਧਾਇਕਾਂ ਦਖ਼ਲਅੰਦਾਜ਼ੀ ਕਾਰਨ ਕਮਿਸ਼ਨਰ ਤੱਕ ਬੇਬਸ ਨਜ਼ਰ ਆ ਰਿਹਾ ਹੈ | ਇਸ ਦੀ ਮਿਸਾਲ ਨਿਗਮ ਵਿਚ ਡਰਾਫਟਸਮੈਨ, ਹੈੱਡ ਡਰਾਫਟਸਮੈਨ ਅਤੇ ਆਰਕੀਟੈਕਟ ਸਹਾਇਕ ਸਹਾਇਕ ਨੰੂ ਏ.ਟੀ.ਪੀ. ਦਾ ਦਰਜਾ ਦਿੱਤਾ ਜਾਣਾ ਹੈ | ਦੋਸ਼ ਹੈ ਕਿ ਇਹ ਨਿਯੁਕਤੀਆਂ ਨਿਯਮਾਂ ਅਨੁਸਾਰ ਨਹੀਂ ਸਗੋਂ ਸਿਆਸੀ ਮਰਜ਼ੀ ਮੁਤਾਬਕ ਕੀਤੀਆਂ ਗਈਆਂ ਹਨ | ਹੈਰਾਨੀ ਦੀ ਗੱਲ ਇਹ ਵੀ ਹੈ ਕਿ ਸੁਪਰੀਮ ਕੋਰਟ ਅਤੇ ਹਾਈਕੋਰਟ ਵਲੋਂ ਕਰੰਟ ਡਿਊਟੀ ਚਾਰਜ ਵਾਪਸ ਲੈਣ ਸਬੰਧੀ ਜਾਰੀ ਹੁਕਮਾਂ ਦੀ ਵੀ ਖੁੱਲ੍ਹੀ ਉਲੰਘਣਾ ਹੋ ਰਹੀ ਹੈ | ਕਿਹਾ ਜਾ ਰਿਹਾ ਹੈ ਕਿ ਵਿਧਾਇਕਾਂ ਦੀ ਸ਼ਹਿ 'ਤੇ ਏ.ਟੀ.ਪੀ. ਬਣਾਏ ਗਏ ਅਧਿਕਾਰੀਆਂ ਰਾਹੀਂ ਬਿਲਡਿੰਗ ਬਰਾਂਚ ਵਿਚ ਕਥਿਤ ਤੌਰ 'ਤੇ ਗੋਰਖਧੰਦਾ ਧੜੱਲੇ ਨਾਲ ਚੱਲ ਰਿਹਾ ਹੈ, ਜਿਸ ਵਿਚ ਵਿਧਾਇਕਾਂ ਦੇ ਨਜ਼ਦੀਕੀ ਲੋਕਾਂ ਦੀ ਸ਼ਮੂਲੀਅਤ ਦੇ ਦੋਸ਼ ਵੀ ਸਾਹਮਣੇ ਆ ਰਹੇ ਹਨ | ਨਗਰ ਨਿਗਮ ਦੇ ਜ਼ੋਨ ਏ. ਵਿਚ ਗੁਰਵਿੰਦਰ ਸਿੰਘ ਲੱਕੀ ਨੰੂ ਏੇ.ਟੀ.ਪੀ. ਦਾ ਵਾਧੂ ਚਾਰਜ ਦਿੱਤਾ ਗਿਆ ਹੈ, ਜੋ ਕੁੱਝ ਸਾਲ ਪਹਿਲਾ ਤਕ ਪੰਪ ਆਪ੍ਰੇਟਰ ਸਨ, ਫਿਰ ਉਸਤੋਂ ਬਾਅਦ ਬਿਲਡਿੰਗ ਇੰਸਪੈਕਟਰ ਬਣੇ | ਹੁਣ ਏ.ਟੀ.ਪੀ. ਦੇ ਅਹੁਦੇ 'ਤੇ ਤੈਨਾਤ ਹਨ | ਦੋਸ਼ ਹੈ ਕਿ ਉਸਦੇ ਅਧੀਨ ਆਉਂਦੇ ਇਲਾਕੇ ਕਾਲੀ ਸੜਕ, ਬਹਾਦੁਰਕੇ ਰੋਡ ਆਦਿ ਵਿਚ ਗੈਰ ਕਾਨੰੂਨੀ ਉਸਾਰੀਆਂ ਲਗਾਤਾਰ ਹੋ ਰਹੀਆਂ ਹਨ | ਇਸੇ ਤਰ੍ਹਾਂ ਜ਼ੋਨ ਬੀ. ਵਿਚ ਆਰਕੀਟੈਕਟ ਸਹਾਇਕ ਕਪਿਲ ਦੇਵ ਨੰੂ ਏ.ਟੀ.ਪੀ. ਬਣਾਇਆ ਗਿਆ ਹੈ | ਜਦਕਿ ਇਕ ਬਿਲਡਿੰਗ ਇੰਸਪੈਕਟਰ ਕੁਲਜੀਤ ਸਿੰਘ ਮਾਂਗਟ ਵੀ ਉਸੇ ਜ਼ੋਨ ਦੇ ਕੁੱਝ ਬਲਾਕਾਂ ਵਿਚ ਏ.ਟੀ.ਪੀ. ਵਜੋਂ ਕੰਮ ਕਰ ਰਿਹਾ ਹੈ | ਜ਼ੋਨ ਸੀ. ਵਿਚ ਵੀ ਬਿਲਡਿੰਗ ਇੰਸਪੈਕਟਰ ਨਵਨੀਤ ਖੋਖਰ ਨੂੰ ਏ.ਟੀ.ਪੀ. ਬਣਾਇਆ ਗਿਆ ਹੈ ਤੇ ਜ਼ੋਨ ਡੀ. ਵਿਚ ਹੈੱਡ ਡਰਾਫਟਸਮੈਨ ਮੋਹਨ ਸਿੰਘ ਨੰੂ ਏੇਟੀਪੀ ਵਜੋਂ ਤੈਨਾਤ ਕੀਤਾ ਗਿਆ ਸੀ | ਦੂਜੇ ਪਾਸੇ ਨਿਯਮਾਂ ਮੁਤਾਬਿਕ ਨਗਰ ਨਿਗਮ ਕੋਲ ਚਾਰ ਪਹਿਲਾ ਹੀ ਮਨਜ਼ੂਰਸ਼ੁਦਾ ਏ.ਟੀ.ਪੀ. ਮੌਜੂਦ ਹਨ, ਜਿਨ੍ਹਾਂ ਵਿਚ ਰਾਜਕੁਮਾਰ, ਸੁਨੀਲ ਕੁਮਾਰ, ਨਿਰਵਾਣ ਤੇ ਰਣਧੀਰ ਸਿੰਘ ਸ਼ਾਮਿਲ ਹਨ | ਇਸਦੇ ਬਾਵਜੂਦ ਸਿਆਸੀ ਦਖ਼ਲਅੰਦਾਜ਼ੀ ਕਾਰਨ ਇਹ ਏ.ਟੀ.ਪੀ. ਬਰਾਂਚ ਵਿ ਖੁੱਲੇ੍ਹ ਤੌਰ ਤੇ ਕੰਮ ਨਹੀਂ ਕਰ ਪਾ ਰਹੇ ਹਨ | ਸਾਰੇ ਮਾਮਲੇ ਤੋਂ ਇਹ ਸਾਫ਼ ਹੁੰਦਾ ਹੈ ਕਿ ਬਿਲਡਿੰਗ ਬਰਾਂਚ ਵਿਚ ਏ.ਟੀ.ਪੀ. ਸਿਸਟਮ ਨਿਗਮ ਦੀ ਸਾਖ ਲਈ ਸਭ ਤੋਂ ਵੱਡਾ ਸਵਾਲ ਬਣ ਚੁੱਕਾ ਹੈ ਅਤੇ ਜਦ ਤਕ ਇਸ ਸਿਸਟਮ ਨੰੂ ਪਾਰਦਰਸ਼ੀ ਤੇ ਨਿਯਮਾਂ ਅਨੁਸਾਰ ਨਹੀਂ ਚਲਾਇਆ ਜਾਂਦਾ, ਤਦ ਤਕ ਗੈਰ ਕਾਨੰੂਨੀ ਉਸਾਰੀਆਂ ਅਤੇ ਘਪਲਿਆਂ 'ਤੇ ਰੋਕ ਲੱਗਣੀ ਮੁਸ਼ਕਿਲ ਨਜ਼ਰ ਆ ਰਹੀ ਹੈ |