ਲੁਧਿਆਣਾ, 25 ਦਸੰਬਰ (ਜਸਵਿੰਦਰ ਸਿੰਘ)-ਆਰੀਅਨ ਕੱਪ ਹਾਕੀ ਕੱਪ ਅੰਡਰ-14 ਟੂਰਨਾਮੈਂਟ ਅੱਜ ਓਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਸਟੇਡੀਅਮ ਪੀਏਯੂ ਵਿਖੇ ਸ਼ੁਰੂ ਹੋਇਆ | ਪਹਿਲਾ ਮੈਚ ਓਲੰਪੀਅਨ ਸੁਰਜੀਤ ਹਾਕੀ ਅਕੈਡਮੀ ਜਲੰਧਰ ਅਤੇ ਸਪੋਰਟਸ ਸੈਂਟਰ ਕਿਲਾ ਰਾਏਪੁਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ | ਇਸ ਮੈਚ ਦਾ ਉਦਘਾਟਨ ਵੈਟਰਨ ਹਾਕੀ ਖਿਡਾਰੀ ਗੁਰਪ੍ਰੀਤ ਸਿੰਘ ਨੇ ਕੀਤਾ | ਸੁਰਜੀਤ ਹਾਕੀ ਅਕੈਡਮੀ ਨੇ ਇਹ ਮੈਚ 8-0 ਨਾਲ ਜਿੱਤਿਆ | ਓਲੰਪੀਅਨ ਸੁਰਜੀਤ ਹਾਕੀ ਅਕੈਡਮੀ ਜਲੰਧਰ ਨੇ 6 ਫੀਲਡ ਗੋਲ ਕੀਤੇ ਜਿਨ੍ਹਾਂ ਵਿੱਚੋਂ ਅਭਿਜੋਤ ਸਿੰਘ ਅਤੇ ਅੰਸ਼ਪ੍ਰੀਤ ਸਿੰਘ ਨੇ 2-2 ਗੋਲ ਕੀਤੇ | ਪਲੇਅਰ ਆਫ਼ ਦ ਮੈਚ ਦਾ ਪੁਰਸਕਾਰ ਸਪੋਰਟਸ ਸੈਂਟਰ, ਕਿਲਾ ਰਾਏਪੁਰ ਟੀਮ ਦੇ ਰੋਹਨ ਨੂੰ ਦਿੱਤਾ ਗਿਆ | ਇਸ ਟੂਰਨਾਮੈਂਟ ਦਾ ਦੂਜਾ ਮੈਚ ਮਾਲਵਾ ਅਕੈਡਮੀ ਲੁਧਿਆਣਾ ਅਤੇ ਪੀਆਈਐਸ ਮੋਹਾਲੀ ਵਿਚਕਾਰ ਖੇਡਿਆ ਗਿਆ | ਇਸ ਮੈਚ ਦਾ ਉਦਘਾਟਨ ਜਿਲਾ ਖੇਡ ਅਫਸਰ ਕੁਲਦੀਪ ਚੁਘ ,ਓਲੰਪੀਅਨ ਹਰਦੀਪ ਸਿੰਘ ਗਰੇਵਾਲ ,ਵਾਲੀਬਾਲ ਕੋਚ ਮੋਹਿਤ ਸਿੰਘ, ਅੰਤਰਰਾਸ਼ਟਰੀ ਬਾਕਸਿੰਗ ਖਿਡਾਰੀ ਅਜੀਤ ਪਾਲ ਸਿੰਘ ਨੇ ਕੀਤਾ | ਦਿਨ ਦਾ ਆਖਰੀ ਮੈਚ ਬਾਬਾ ਫਤਿਹ ਸਿੰਘ ਹਾਕੀ ਅਕੈਡਮੀ, ਹਰਚੋਵਾਲ, ਗੁਰਦਾਸਪੁਰ ਅਤੇ ਬਾਬਾ ਪੱਲ੍ਹਾ ਸਪੋਰਟਸ ਕਲੱਬ ਐਂਡ ਵੈਲਫੇਅਰ ਸੋਸਾਇਟੀ, ਬੁਤਾਲਾ, ਅੰਮਿ੍ਤਸਰ ਵਿਚਕਾਰ ਖੇਡਿਆ ਗਿਆ | ਇਸ ਮੈਚ ਦਾ ਉਦਘਾਟਨ ਪੰਜਾਬ ਪੁਲਿਸ ਦੇ ਏ.ਆਈ.ਜੀ. ਅਮਰੀਕ ਸਿੰਘ ਮਿਨਹਾਸ ਨੇ ਕੀਤਾ | ਬਾਬਾ ਫਤਿਹ ਸਿੰਘ ਹਾਕੀ ਅਕੈਡਮੀ ਨੇ ਇਹ ਮੈਚ 4-1 ਗੋਲਾਂ ਨਾਲ ਜਿੱਤਿਆ | ਟੂਰਨਾਮੈਂਟ ਦੌਰਾਨ ਹਾਕੀ ਕਲੀਨਿਕ ਸਵੇਰੇ 10.00 ਵਜੇ ਪੀਆਈਐਸ ਮੋਹਾਲੀ, ਸਪੋਰਟਸ ਕਲੱਬ ਕਿਲਾ ਰਾਏਪੁਰ ਅਤੇ ਸੁਰਜੀਤ ਹਾਕੀ ਅਕੈਡਮੀ ਲਈ ਸਵੇਰੇ 11.30 ਵਜੇ ਚਲਾਏ ਜਾਣਗੇ | ਕਲੀਨਿਕਾਂ ਦੀ ਦੇਖ-ਰੇਖ ਓਲੰਪੀਅਨ ਸੁਖਬੀਰ ਸਿੰਘ ਗਰੇਵਾਲ, ਪ੍ਰਧਾਨ ਆਰੀਅਨ ਹਾਕੀ ਕਲੱਬ, ਲੁਧਿਆਣਾ ਦੁਆਰਾ ਕੀਤੀ ਜਾਵੇਗੀ |