ਲੁਧਿਆਣਾ, 27 ਦਸੰਬਰ (ਆਹੂਜਾ)-ਵੱਧ ਮੁਨਾਫ਼ਾ ਦੇਣ ਦਾ ਝਾਂਸਾ ਦੇ ਕੇ 60 ਲੱਖ ਦੀ ਧੋਖਾਧੜੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਕੰਪਨੀ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਸੈਕਟਰ 32-ਏ ਦੇ ਰਹਿਣ ਵਾਲੇ ਸ਼ਾਮ ਪੁੱਤਰ ਹੰਸਰਾਜ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸਬੰਧੀ ਪੁਲਿਸ ਨੇ ਸੁਖਵਿੰਦਰ ਸਿੰਘ ਖਰੋੜ ਅਤੇ ਡਿੰਪਲ ਖਰੋੜ ਮਾਲਕ ਫਰਮ ਵਿਊਨਾਓ ਮਾਰਕੀਟਿੰਗ ਸਰਵਿਸ ਅਤੇ ਜੀ ਵਾਈਟ ਨੈਫਟੈਕ ਅਤੇ ਫਰਮ ਜੀ ਬਾਈਟ ਰੈਂਟਲ ਬਿਜਨਸ ਪਾਰਕ ਜ਼ੀਰਕਪੁਰ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀਆਂ ਨੇ ਉਸ ਦੀ 60 ਲੱਖ 22 ਹਜ਼ਾਰ ਦੀ ਨਗਦੀ ਆਪਣੀਆਂ ਕੰਪਨੀਆਂ ਵਿਚ ਲਗਵਾ ਲਈ ਅਤੇ ਉਸ ਨੂੰ ਵੱਧ ਮੁਨਾਫ਼ਾ ਦੇਣ ਦਾ ਝਾਂਸਾ ਦਿੱਤਾ, ਪਰ ਕਥਿਤ ਦੋਸ਼ੀਆਂ ਨੇ ਉਸ ਦੀ ਰਕਮ ਹੜੱਪ ਲਈ ਅਤੇ ਮੁਨਾਫ਼ਾ ਵੀ ਨਹੀਂ ਦਿੱਤਾ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ, ਜਿਸ 'ਤੇ ਸ਼ਿਕਾਇਤਕਰਤਾ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ ਵਿਚ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ |