ਲੁਧਿਆਣਾ, 27 ਦਸੰਬਰ (ਜਤਿੰਦਰ ਭੰਬੀ)-ਪੰਜਾਬ ਰਾਜ ਖੇਤੀਬਾੜੀ ਉਪਕਰਨ ਨਿਰਮਾਤਾ ਐਸੋਸੀਏਸ਼ਨ (ਪੀ.ਐਸ.ਏ.ਆਈ.ਐਮ.ਏ.) ਦੇ ਮੈਂਬਰਾਂ ਨੇ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਅਤੇ ਇਸਦੇ ਉਨਤ ਨਵੀਨਤਾ ਅਤੇ ਤਕਨਾਲੋਜੀ ਈਕੋਸਿਸਟਮ ਦਾ ਇਕ ਜਾਣਕਾਰੀ ਭਰਪੂਰ ਦੌਰਾ ਕੀਤਾ, ਜਿਸ ਵਿਚ ਸੀਸੂ ਦੀ ਜੇ.ਆਰ.ਐਸ. ਅਤਿ ਆਧੁਨਿਕ ਖੋਜ ਅਤੇ ਵਿਕਾਸ ਸਹੂਲਤ, ਮੈਟਰੋ ਟਾਇਰ ਦੀ ਆਈ ਹੱਬ-ਆਵਧ ਲੈਬ ਲੈਬ ਅਤੇ ਸੀਸੂ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਲੈਬ ਸ਼ਾਮਲ ਹਨ | ਇਸ ਦੌਰੇ ਦਾ ਉਦੇਸ਼ ਪੀ.ਐਸ.ਏ.ਆਈ.ਐਮ.ਏ. ਮੈਂਬਰਾਂ ਨੂੰ ਆਧੁਨਿਕ ਤਕਨਾਲੋਜੀਆਂ, ਖੋਜ ਸਮਰੱਥਾਵਾਂ ਅਤੇ ਨਵੀਨਤਾ-ਆਧਾਰਤ ਹੱਲਾਂ ਦਾ ਸਿੱਧਾ ਸੰਪਰਕ ਪ੍ਰਦਾਨ ਕਰਨਾ ਸੀ, ਜੋ ਉਦਯੋਗਿਕ ਉਤਪਾਦਕਤਾ, ਗੁਣਵੱਤਾ ਅਤੇ ਮੁਕਾਬਲੇਬਾਜ਼ੀ ਨੂੰ ਮਹੱਤਵਪੂਰਨ ਤੌਰ 'ਤੇ ਵਧਾ ਸਕਦੇ ਹਨ | ਇਸ ਮੌਕੇ ਡਾ. ਤਲਵਿੰਦਰ ਸਿੰਘ ਬੇਦੀ ਮੈਨੇਜਰ ਸੰਚਾਲਨ ਅਤੇ ਪ੍ਰਸ਼ਾਸਨ ਨੇ ਇਹਨਾਂ ਸਹੂਲਤਾਂ ਦੇ ਉਦੇਸ਼ਾਂ, ਕਾਰਜਸ਼ੀਲਤਾ ਅਤੇ ਵਿਵਹਾਰਿਕ ਉਪਯੋਗਾਂ ਬਾਰੇ ਇਕ ਵਿਸਤਰਿਤ ਪੇਸ਼ਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਕਿਵੇਂ ਜੇ.ਆਰ.ਐਸ. ਅਤਿ ਆਧੁਨਿਕ ਖੋਜ ਅਤੇ ਵਿਕਾਸ ਸਹੂਲਤ ਉਤਪਾਦ ਡਿਜ਼ਾਈਨ, ਟੈਸਟਿੰਗ, ਪ੍ਰਮਾਣਿਕਤਾ ਅਤੇ ਪ੍ਰਕਿਰਿਆ ਅਨੁਕੂਲ ਸਮਰਥਨ ਕਰਦੀ ਹੈ | ਡਾ. ਬੇਦੀ ਨੇ ਉਦਯੋਗਾਂ, ਖ਼ਾਸ ਕਰਕੇ ਐਮ.ਐਸ.ਐਮ.ਈਜ਼ ਨੂੰ ਇਹਨਾਂ ਸਹੂਲਤਾਂ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੇ ਠੋਸ ਲਾਭਾਂ 'ਤੇ ਹੋਰ ਜ਼ੋਰ ਦਿੱਤਾ | ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਪੀ.ਐਸ.ਏ.ਆਈ.ਐਮ.ਏ. ਮੈਂਬਰਾਂ ਨਾਲ ਵਿਕਸਤ ਹੋ ਰਹੇ ਉਦਯੋਗਿਕ ਦਿ੍ਸ਼ 'ਤੇ ਆਪਣੀਆਂ ਕੀਮਤੀ ਸੂਝਾਂ ਸਾਂਝੀਆਂ ਕੀਤੀਆਂ |