ਜ਼ੀਰਕਪੁਰ, 1 ਜੂਨ (ਮਨਿੰਦਰ ਸਿੰਘ)-ਸ਼ਹਿਰ 'ਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ | ਚੋਰ ਜ਼ਿਆਦਾਤਰ ਦੋ ਪਹੀਆ ਵਾਹਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ | ਅਜਿਹੀ ਹੀ ਇਕ ਘਟਨਾ ਬੀਤੀ ਰਾਤ ਦੀ ਵਿਚਕਾਰਲੀ ਰਾਤ ਗੁਰਦੁਆਰਾ ਬਾਉਲੀ ਸਾਹਿਬ ਦੇ ਸਾਹਮਣੇ ਸਥਿਤ ਦਸਮੇਸ਼ ਇਨਕਲੇਵ ਢਕੌਲੀ ਵਿਖੇ ਸਾਹਮਣੇ ਆਈ, ਜਿਥੇ ਚੋਰਾਂ ਨੇ ਇਕ ਮੋਟਰਸਾਈਕਲ ਚੋਰੀ ਕਰ ਲਿਆ | ਚੋਰੀ ਦੀ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ ਹੈ | ਕੈਮਰੇ ਅਨੁਸਾਰ ਚਾਰ ਲੋਕ ਇਕ ਮੋਟਰਸਾਈਕਲ 'ਤੇ ਆਏ, ਜਿਨ੍ਹਾਂ 'ਚੋਂ ਦੋ ਵਿਅਕਤੀ ਤਾਂ ਮੋਟਰਸਾਈਕਲ 'ਤੇ ਮੁੜ ਗਏ ਤੇ ਦੋ ਉੱਥੇ ਖੜ੍ਹੀ ਇਕ ਹੀਰੋ ਹੋਂਡਾ ਸ਼ਾਈਨ ਮੋਟਰਸਾਈਕਲ ਨੂੰ ਬਿਨ੍ਹਾਂ ਸਟਾਰਟ ਕੀਤੇ ਧੱਕਾ ਲਗਾ ਕੇ ਲੈ ਜਾ ਰਹੇ ਹਨ | ਚੋਰੀ ਸੰਬੰਧੀ ਪੀੜਤ ਆਕਾਸ਼ ਨੇ ਦੱਸਿਆ ਕਿ ਉਹ ਇਥੇ ਪਹਿਲੀ ਮੰਜ਼ਲ 'ਤੇ ਕਿਰਾਏ ਦੇ ਮਕਾਨ 'ਚ ਰਹਿੰਦਾ ਹੈ ਅਤੇ ਉਸ ਦਾ ਮੋਟਰਸਾਈਕਲ ਅਕਸਰ ਘਰ ਦੇ ਸਾਹਮਣੇ ਹੀ ਖੜ੍ਹਾ ਹੁੰਦਾ ਹੈ | ਰੋਜ਼ਾਨਾ ਵਾਂਗ ਸਨਿਚਰਵਾਰ ਰਾਤ ਨੂੰ ਵੀ ਉਸ ਨੇ ਆਪਣਾ ਮੋਟਰਸਾਈਕਲ ਇਥੇ ਖੜ੍ਹਾ ਕੀਤਾ ਸੀ | ਜਦੋਂ ਉਹ ਸਵੇਰੇ ਉੱਠਿਆ ਤਾਂ ਮੋਟਰਸਾਈਕਲ ਆਪਣੀ ਜਗ੍ਹਾ 'ਤੇ ਨਹੀਂ ਸੀ | ਨੇੜੇ-ਤੇੜੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਉਸਦਾ ਮੋਟਰਸਾਈਕਲ ਚੋਰੀ ਹੋ ਗਿਆ ਹੈ | ਇਸ ਸੰਬੰਧੀ ਉਸ ਨੇ ਪੁਲਿਸ ਸਟੇਸ਼ਨ ਢਕੌਲੀ 'ਚ ਆਪਣੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤੇ ਸੀ. ਸੀ. ਟੀ. ਵੀ. ਫੁਟੇਜ ਵੀ ਦੇ ਦਿੱਤੀ ਹੈ | ਮਾਮਲੇ ਸੰਬੰਧੀ ਥਾਣਾ ਮੁਖੀ ਢਕੌਲੀ ਇੰਸਪੈਕਟਰ ਸਿਮਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਸ਼ਿਕਾਇਤ ਪਹੁੰਚ ਗਈ ਹੈ | ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ |