ਐੱਸ. ਏ. ਐੱਸ. ਨਗਰ, 1 ਜੂਨ (ਪ੍ਰੋ. ਅਵਤਾਰ ਸਿੰਘ)-ਪੈਰਾ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਤਹਿਤ ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੁਹਾਲੀ ਕੋਮਲ ਮਿੱਤਲ ਵਲੋਂ ਦੋ ਪੈਰਾ ਖਿਡਾਰੀਆਂ ਸੌਰਵ ਅਤੇ ਰਣਜੀਤ ਨੂੰ ਖੇਡ ਉਪਕਰਨ ਅਤੇ ਕਿੱਟਾਂ ਸੌਂਪੀਆਂ ਗਈਆਂ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਹਰਬੰਸ ਸਿੰਘ ਨੇ ਕਿਹਾ ਕਿ ਖਿਡਾਰੀਆਂ ਨੂੰ ਸੌਂਪੇ ਗਏ ਸਾਮਾਨ 'ਚ ਬੈਡਮਿੰਟਨ ਰੈਕੇਟ, ਸ਼ਟਲ, ਜੁੱਤੇ, ਕਿੱਟ ਬੈਗ ਅਤੇ ਬੈਡਮਿੰਟਨ ਵ੍ਹੀਲ ਚੇਅਰ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਡੀ. ਸੀ. ਨੇ ਖੇਡ ਉਪਕਰਨ ਸੌਂਪਣ ਮੌਕੇ ਇਹ ਕਾਮਨਾ ਕੀਤੀ ਹੈ ਕਿ ਇਹ ਖਿਡਾਰੀ ਆਪਣੀ ਖੇਡ ਦੇ ਖੇਤਰ 'ਚ ਉੱਤਮ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹੇ ਲਈ ਨਾਮਣਾ ਖੱਟਣ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਐਮਰਜੈਂਸੀ ਸਥਿਤੀ 'ਚ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਹੱਥ ਵਧਾਉਂਦਾ ਹੈ | ਇਸੇ ਉਦੇਸ਼ ਤਹਿਤ ਸਮੇਂ-ਸਮੇਂ ਸਿਰ ਖ਼ੂਨਦਾਨ ਕੈਂਪ ਅਤੇ ਨਕਲੀ ਅੰਗਾਂ ਵੰਡਣ ਦੇ ਕੈਂਪ ਅਤੇ ਟ੍ਰਾਈਸਾਈਕਲ ਤੇ ਵ੍ਹੀਲ ਚੇਅਰਾਂ ਪ੍ਰਦਾਨ ਕਰਨ ਲਈ ਕੈਂਪ ਲਗਾਏ ਜਾਂਦੇ ਹਨ |