ਡੇਰਾਬੱਸੀ, 1 ਜੂਨ (ਗੁਰਮੀਤ ਸਿੰਘ)-ਡੇਰਾਬੱਸੀ ਵਿਖੇ ਸਾਫ਼-ਸਫ਼ਾਈ ਦੇ ਨਾਂਅ 'ਤੇ ਸੜਕਾਂ 'ਤੇ ਗੰਦਗੀ ਸੁੱਟੀ ਜਾ ਰਹੀ ਹੈ, ਜਿਸ ਨੂੰ ਲੈ ਕੇ ਸ਼ਹਿਰ ਵਾਸੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਲੋਕਾਂ ਨੇ ਆਪਣਾ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਅਜਿਹੀ ਸਫ਼ਾਈ ਨਾਲੋਂ ਤਾਂ ਡਰੇਨੇਜ਼ ਦੇ ਅੰਦਰ ਪਈ ਗੰਦਗੀ ਹੀ ਚੰਗੀ ਹੈ | ਲੋਕਾਂ ਦਾ ਕਹਿਣਾ ਹੈ ਕਿ ਡੇਰਾਬੱਸੀ ਅਨਾਜ ਮੰਡੀ ਤੋਂ ਬਰਵਾਲਾ ਚੌਕ ਨੂੰ ਜਾਂਦੀ ਸੜਕ 'ਤੇ ਸਥਾਨਕ ਪ੍ਰਸ਼ਾਸਨ ਵਲੋਂ ਡਰੇਨੇਜ਼ ਨਾਲਿਆਂ ਦੀ ਸਫ਼ਾਈ ਕਰਵਾਈ ਗਈ ਸੀ ਅਤੇ ਇਸ ਦੌਰਾਨ ਨਿਕਲੀ ਗੰਦਗੀ ਨੂੰ ਠੀਕ ਢੰਗ ਨਾਲ ਹਟਾਉਣ ਦੀ ਬਜਾਏ ਉਸ ਨੂੰ ਸੜਕ 'ਤੇ ਹੀ ਸੁੱਟ ਦਿੱਤਾ ਗਿਆ | ਵਾਹਨਾਂ ਦੀ ਆਵਾਜਾਈ ਕਾਰਨ ਸਾਰੀ ਸੜਕ 'ਤੇ ਗੰਦਗੀ ਫੈਲ ਗਈ, ਜਿਸ ਕਾਰਨ ਰਾਹਗੀਰਾਂ ਖਾਸ ਕਰਕੇ ਪੈਦਲ ਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਲੋਕਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਗੰਦਗੀ ਦਾ ਢੇਰ ਇਕ ਪਾਸੇ ਲਗਾਉਣ ਦੀ ਥਾਂ ਸੜਕ ਦੇ ਵਿਚਕਾਰ ਹੀ ਲੱਗਾ ਦਿੱਤਾ ਗਿਆ, ਜੋ ਕਿ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ | ਲੋਕਾਂ ਨੇ ਪ੍ਰਸ਼ਾਸਨ 'ਤੇ ਲਾਪ੍ਰਵਾਹੀ ਵਰਤਣ ਦਾ ਦੋਸ਼ ਲਗਾਉਂਦੇ ਹੋਏ ਮੰਗ ਕੀਤੀ ਕਿ ਗੰਦਗੀ ਨੂੰ ਤੁਰੰਤ ਹਟਾਇਆ ਜਾਵੇ ਅਤੇ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਦੀ ਅਣਗਹਿਲੀ ਨਾ ਵਰਤੀ ਜਾਵੇ | ਲੋਕਾਂ ਦਾ ਕਹਿਣਾ ਹੈ ਕਿ ਸਫ਼ਾਈ ਕਰਨਾ ਚੰਗੀ ਗੱਲ ਹੈ, ਪਰ ਜੇਕਰ ਗੰਦਗੀ ਨੂੰ ਠੀਕ ਢੰਗ ਨਾਲ ਨਹੀਂ ਹਟਾਇਆ ਜਾਂਦਾ ਤਾਂ ਸਫ਼ਾਈ ਕਰਨ ਦਾ ਕੋਈ ਫਾਇਦਾ ਨਹੀਂ ਹੈ, ਜਦੋਂ ਇਸ ਗੰਦਗੀ ਦੇ ਢੇਰ ਉੱਪਰੋਂ ਵਾਹਨ ਨਿਕਲਦੇ ਹਨ ਤਾਂ ਗੰਦਗੀ ਦੂਰ ਦੂਰ ਤੱਕ ਫੈਲ ਜਾਂਦੀ ਹੈ | ਇਸ ਬਾਰੇ ਗੱਲ ਕਰਨ 'ਤੇ ਕੌਂਸਲ ਪ੍ਰਧਾਨ ਆਸ਼ੂ ਉਪਨੇਜਾ ਨੇ ਕਿਹਾ ਕਿ ਸਫ਼ਾਈ ਕਰਮੀਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਵੇਗਾ ਅਤੇ ਜਲਦ ਹੀ ਸੜਕ 'ਤੇ ਖਿਲਰਿਆ ਕੂੜਾ ਚੁਕਵਾ ਦਿੱਤਾ ਜਾਵੇਗਾ |