ਕੁਰਾਲੀ, 2 ਜੂਨ (ਬਿੱਲਾ ਅਕਾਲਗੜ੍ਹੀਆ)-ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਚੀਫ਼ ਮੈਡੀਕਲ ਅਫ਼ਸਰ ਮੁਹਾਲੀ ਨੂੰ ਇਕ ਪੱਤਰ ਲਿਖ ਕੇ ਕੁਰਾਲੀ ਸ਼ਹਿਰ 'ਚ ਮੋਰਚਰੀ ਬਣਾਉਣ ਦੀ ਮੰਗ ਕੀਤੀ ਹੈ | ਪੱਤਰ 'ਚ ਉਨ੍ਹਾਂ ਜ਼ਿਕਰ ਕੀਤਾ ਹੈ ਕਿ ਕੁਰਾਲੀ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਵਿਚਲੇ ਹਸਪਤਾਲਾਂ 'ਚ ਮੋਰਚਰੀ ਉਪਲੱਬਧ ਨਹੀਂ ਹੈ | ਅਜਿਹੇ ਹਾਲਾਤਾਂ 'ਚ ਜਦੋਂ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਮਿ੍ਤਕ ਦੇ ਸਰੀਰ ਨੂੰ ਸੰਭਾਲਣ ਲਈ ਪਰਿਵਾਰ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਕਈ ਵਾਰੀ ਮਿ੍ਤਕ ਦੇ ਰਿਸ਼ਤੇਦਾਰ ਵੀ ਦੇਰ ਨਾਲ ਪੁੱਜਦੇ ਹਨ, ਜਿਸ ਕਰਕੇ ਮਿ੍ਤਕ ਦੇ ਸਰੀਰ ਨੂੰ ਰੱਖਣ ਲਈ ਮੋਰਚਰੀ ਦੀ ਲੋੜ ਪੈਂਦੀ ਹੈ | ਉਨ੍ਹਾਂ ਕਿਹਾ ਕਿ ਇਹ ਮਾਮਲਾ ਮਨੁੱਖਤਾ ਨਾਲ ਜੁੜਿਆ ਹੋਇਆ ਹੈ ਤੇ ਸਹੂਲਤਾਂ ਦੀ ਕਮੀ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਲਈ ਨਗਰ ਕੌਂਸਲ ਕੁਰਾਲੀ ਵਲੋਂ ਮੰਗ ਕੀਤੀ ਜਾਂਦੀ ਹੈ ਕਿ ਕੁਰਾਲੀ ਸ਼ਹਿਰ 'ਚ ਜਲਦ ਮੋਰਚਰੀ ਬਣਾਈ ਜਾਵੇ | ਉਨ੍ਹਾਂ ਲੋਕ-ਹਿੱਤ ਨੂੰ ਮੁੱਖ ਰੱਖਦੇ ਹੋਏ ਇਸ ਮਾਮਲੇ 'ਚ ਜਲਦ ਕਾਰਵਾਈ ਦੀ ਅਪੀਲ ਕੀਤੀ ਹੈ |