ਚੰਡੀਗੜ੍ਹ, 2 ਜੂਨ (ਰਾਮ ਸਿੰਘ ਬਰਾੜ)-ਹਰਿਆਣਾ ਕਾਂਗਰਸ ਰਾਹੁਲ ਗਾਂਧੀ ਦੇ ਦੌਰੇ ਦਾ ਸਵਾਗਤ ਕਰਨ 'ਚ ਰੁੱਝੀ ਹੋਈ ਹੈ | ਇਸ ਤੋਂ ਪਹਿਲਾਂ, ਸੰਗਠਨ ਨਿਰਮਾਣ ਲਈ ਹਰਿਆਣਾ ਕਾਂਗਰਸ ਵਿਚ ਨਿਗਰਾਨ ਨਿਯੁਕਤ ਕੀਤੇ ਗਏ ਹਨ | 69 ਨਿਗਰਾਨ ਤੇ 8 ਵਾਧੂ ਨਿਗਰਾਨ ਨਿਯੁਕਤ ਕੀਤੇ ਗਏ ਹਨ | ਕਾਂਗਰਸ ਦੀ ਨਿਗਰਾਨ ਸੂਚੀ 'ਚ 16 ਸਾਬਕਾ ਵਿਧਾਇਕ ਤੇ ਇਕ ਸਾਬਕਾ ਸੰਸਦ ਮੈਂਬਰ ਸ਼ਾਮਿਲ ਹਨ | ਹਰਿਆਣਾ ਦੇ ਸੰਗਠਨ ਲਈ ਕਾਂਗਰਸ ਹਾਈਕਮਾਨ ਨੇ ਸਾਰੇ ਜ਼ਿਲਿ੍ਹਆਂ ਵਿਚ ਨਿਗਰਾਨ ਵੀ ਨਿਯੁਕਤ ਕੀਤੇ ਹਨ | ਕਾਂਗਰਸ ਹਾਈਕਮਾਨ ਦੁਆਰਾ ਨਿਯੁਕਤ ਇਕ ਨਿਗਰਾਨ ਦੇ ਨਾਲ, ਤਿੰਨ ਰਾਜ ਨਿਗਰਾਨ ਜ਼ਿਲਿ੍ਹਆਂ 'ਚ ਜਾਣਗੇ, ਜੋ ਸੰਗਠਨ ਨਿਰਮਾਣ ਲਈ ਫੀਡਬੈਕ ਲੈਣਗੇ | ਹਰਿਆਣਾ ਕਾਂਗਰਸ ਇੰਚਾਰਜ ਬੀ. ਕੇ. ਹਰੀਪ੍ਰਸਾਦ ਤੇ ਸੂਬਾ ਪ੍ਰਧਾਨ ਚੌਧਰੀ ਉਦੈਭਾਨ ਨੇ ਮੀਡੀਆ ਨਾਲ ਇਹ ਜਾਣਕਾਰੀ ਸਾਂਝੀ ਕੀਤੀ | ਸੀਨੀਅਰ ਕਾਂਗਰਸ ਨੇਤਾ ਰਾਹੁਲ ਗਾਂਧੀ 4 ਜੂਨ ਨੂੰ ਹਰਿਆਣਾ ਆ ਰਹੇ ਹਨ | ਹਰੀਪ੍ਰਸਾਦ ਨੇ ਕਿਹਾ ਕਿ ਗੁਜਰਾਤ 'ਚ ਸੰਗਠਨ ਨਿਰਮਾਣ ਮੁਹਿੰਮ ਤਹਿਤ ਪ੍ਰਕਿਰਿਆ ਪੂਰੀ ਹੋ ਗਈ ਹੈ | ਪਾਰਟੀ ਜਲਦੀ ਹੀ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਨ ਜਾ ਰਹੀ ਹੈ |