ਚੰਡੀਗੜ੍ਹ, 2 ਜੂਨ (ਪ੍ਰੋ. ਅਵਤਾਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਚੰਡੀਗੜ੍ਹ ਨੇ ਅਕਾਦਮਿਕ ਸੈਸ਼ਨ 2025-26 ਲਈ ਪ੍ਰਾਸਪੈਕਟਸ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਬਰਾੜ, ਸਕੱਤਰ ਕਰਨਲ (ਸੇਵਾਮੁਕਤ) ਜਸਮੇਰ ਸਿੰਘ ਬਾਲਾ, ਸੰਯੁਕਤ ਸਕੱਤਰ ਐਡਵੋਕੇਟ ਕਰਨਦੀਪ ਸਿੰਘ ਚੀਮਾ, ਪਿ੍ੰਸੀਪਲ ਡਾ. ਜਸਵਿੰਦਰ ਸਿੰਘ ਤੇ ਫੈਕਲਟੀ ਮੈਂਬਰਾਂ ਵਲੋਂ ਰਿਲੀਜ਼ ਕੀਤਾ ਗਿਆ | ਪਿ੍ੰ. ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਸਿੱਖ ਐਜੂਕੇਸ਼ਨਲ ਸੁਸਾਇਟੀ ਨੈਕ ਵਲੋਂ ਮੁੜ-ਪ੍ਰਮਾਣਿਤ ਗ੍ਰੇਡ 'ਏ', ਪ੍ਰਮੁੱਖ ਪੋਸਟ ਗ੍ਰੈਜੂਏਟ, ਮਲਟੀ-ਫੈਕਲਟੀ ਅਤੇ 5700 ਤੋਂ ਵੱਧ ਵਿਦਿਆਰਥੀਆਂ ਦੀ ਗਿਣਤੀ ਦੇ ਨਾਲ ਸਹਿ-ਵਿੱਦਿਅਕ ਸੰਸਥਾ ਹੈ ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਾਨਤਾ ਪ੍ਰਾਪਤ ਹੈ ਤੇ ਪਿਛਲੇ ਸੈਸ਼ਨ ਦੌਰਾਨ ਕਾਲਜ ਨੇ ਐਨ. ਈ. ਪੀ. 2020 ਨੂੰ ਯੂ. ਜੀ. ਸੀ. ਅਤੇ ਯੂਨੀਵਰਸਿਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਫਲਤਾਪੂਰਕ ਤਰੀਕੇ ਨਾਲ ਲਾਗੂ ਕੀਤਾ | ਕਾਲਜ ਵਿਚ ਇਸ ਸਮੇਂ 16 ਕਲਾ, 8 ਵਿਗਿਆਨ ਅਤੇ 24 ਡਿਸਿਪਲਨਰੀ ਸਪੈਸੀਫਿਕ ਕੋਰਸ ਚੱਲ ਰਹੇ ਹਨ ਅਤੇ ਨਵੇਂ ਅਕਾਦਮਿਕ ਸੈਸ਼ਨ ਵਿਚ ਐਨ. ਈ. ਪੀ. 2020 ਦੇ ਨਵੇਂ ਢਾਂਚੇ ਤਹਿਤ 45 ਤੋਂ ਵੱਧ ਮਲਟੀ-ਡਿਸਿਪਲਨਰੀ ਕੋਰਸ, 55 ਹੁਨਰ-ਅਧਾਰਿਤ ਕੋਰਸ ਅਤੇ 30 ਵੈਲਿਊ ਐਡਿਡ ਕੋਰਸ ਸ਼ਾਮਲ ਕੀਤੇ ਜਾਣਗੇ | ਕਾਲਜ ਭਾਰਤੀ ਗਿਆਨ ਪਰੰਪਰਾਵਾਂ ਨੂੰ ਉਤਸ਼ਾਹਿਤ ਕਰਦਿਆਂ ਈ-ਕਾਮਰਸ, ਈ-ਬੈਂਕਿੰਗ, ਫਲੋਰੀਕਲਚਰ ਐਂਡ ਲੈਂਡਸਕੇਪ, ਵਾਤਾਵਰਨ ਆਡੀਟਿੰਗ, ਪੱਤਰਕਾਰੀ ਅਤੇ ਜਨ ਸੰਚਾਰ ਵਰਗੇ ਖੇਤਰਾਂ ਵਿਚ ਡਿਪਲੋਮਾ ਕੋਰਸਾਂ ਦੇ ਨਾਲ ਨਾਲ ਸੰਸਕਿ੍ਤ, ਉਰਦੂ ਅਤੇ ਫਾਰਸੀ ਵਿਚ ਐਡ-ਆਨ ਸਰਟੀਫਿਕੇਟ ਕੋਰਸ ਵੀ ਪ੍ਰਦਾਨ ਕਰਦਾ ਹੈ | ਕਾਲਜ ਦੇ ਆਧੁਨਿਕ ਬੁਨਿਆਦੀ ਢਾਂਚੇ ਵਿਚ ਅਪਗ੍ਰੇਡ ਕੀਤੀਆਂ ਸਮਾਰਟ ਲੈਬਾਂ, ਵਿਸ਼ਾਲ ਸਮਾਰਟ ਕਲਾਸ-ਰੂਮ, ਵਾਈ-ਫਾਈ ਸਹੂਲਤ, ਖੇਡਾਂ ਅਤੇ ਫਿਟਨੈੱਸ ਸੈਂਟਰ, ਹੋਸਟਲ ਵਿਚ ਏ. ਸੀ. ਕਮਰੇ ਆਦਿ ਸ਼ਾਮਲ ਹਨ | ਇਸ ਤੋਂ ਇਲਾਵਾ ਕਾਲਜ 'ਚ ਵਿਰਾਸਤ-ਸਿੱਖ ਹੈਰੀਟੇਜ ਸੈਂਟਰ ਵੀ ਸਥਿਤ ਹੈ | ਦਾਖ਼ਲਿਆਂ ਤੇ ਸਲਾਹ-ਮਸ਼ਵਰੇ ਲਈ ਕਾਲਜ ਵਲੋਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੈਲਪਡੈਸਕ ਸਥਾਪਤ ਕੀਤਾ ਗਿਆ ਹੈ | ਪ੍ਰਾਸਪੈਕਟਸ 2025-26 ਕਾਲਜ ਦੀ ਅਧਿਕਾਰਕ ਵੈੱਬਸਾਈਟ 'ਤੇ ਆਨਲਾਈਨ ਉਪਲੱਬਧ ਹੈ |