ਡੇਰਾਬੱਸੀ, 2 ਜੂਨ (ਰਣਬੀਰ ਸਿੰਘ ਪੜ੍ਹੀ)-ਸਥਾਨਕ ਫੋਕਲ ਪੁਆਇੰਟ 'ਚ ਸਥਿਤ ਕਰਮਚਾਰੀ ਰਾਜ ਬੀਮਾ ਨਿਗਮ ਦੇ ਸ਼ਾਖਾ ਦਫ਼ਤਰ 'ਚੋਂ ਦੋ ਵਿੰਡੋ ਏਅਰ ਕੰਡੀਸ਼ਨਰ ਚੋਰੀ ਹੋ ਜਾਣ ਦੀ ਘਟਨਾ ਸਾਹਮਣੇ ਆਈ ਹੈ | ਦਿਲਚਸਪ ਗੱਲ ਇਹ ਹੈ ਕਿ ਇਸ ਤੋਂ ਸਿਰਫ ਦੋ ਦਿਨ ਪਹਿਲਾਂ ਇਸੇ ਇਮਾਰਤ 'ਚ ਚੱਲ ਰਹੀ ਈ. ਐਸ. ਆਈ. ਡਿਸਪੈਂਸਰੀ ਤੋਂ ਵੀ ਇਕ ਵਿੰਡੋ ਏ. ਸੀ. ਚੋਰੀ ਹੋ ਗਿਆ ਸੀ | ਜਾਣਕਾਰੀ ਮੁਤਾਬਕ ਚੋਰ ਇਮਾਰਤ 'ਚ ਦਾਖਲ ਹੋ ਕੇ ਦੋ ਕਮਰਿਆਂ ਦੇ ਤਾਲੇ ਤੋੜ ਗਏ | ਦਫ਼ਤਰ ਦੇ ਇੰਚਾਰਜ ਸੰਜੀਵ ਨੇ ਦੱਸਿਆ ਕਿ ਸੋਮਵਾਰ ਸਵੇਰੇ ਲਗਪਗ 8.30 ਵਜੇ ਸੁਰੱਖਿਆ ਕਰਮੀ ਵਲੋਂ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਕਿ ਰਾਤ ਸਮੇਂ ਦੋ ਏ. ਸੀ. ਕਟਰ ਦੀ ਮਦਦ ਨਾਲ ਚੋਰੀ ਕਰ ਲਏ ਗਏ ਹਨ | ਦਫ਼ਤਰ 'ਚ ਹੋਈ ਤਾਜ਼ਾ ਚੋਰੀ ਤੋਂ ਇਲਾਵਾ ਦੋ ਦਿਨ ਪਹਿਲਾਂ ਵੀ ਇਮਾਰਤ ਦੇ ਦੂਜੇ ਹਿੱਸੇ 'ਚ ਚੱਲ ਰਹੀ ਡਿਸਪੈਂਸਰੀ 'ਚੋਂ ਵੀ ਇਕ ਏ. ਸੀ. ਚੋਰੀ ਹੋ ਗਿਆ ਸੀ | ਇਸ ਤਰ੍ਹਾਂ ਸਿਰਫ ਦੋ ਦਿਨਾਂ 'ਚ ਕੁੱਲ ਤਿੰਨ ਏਅਰ ਕੰਡੀਸ਼ਨਰ ਚੋਰੀ ਹੋ ਚੁੱਕੇ ਹਨ | ਫ਼ਿਲਹਾਲ ਚੋਰੀ ਦੀ ਸ਼ਿਕਾਇਤ ਮੁਬਾਰਕਪੁਰ ਚੌਕੀ 'ਚ ਦਰਜ ਕਰਵਾ ਦਿੱਤੀ ਗਈ ਹੈ ਤੇ ਪੁਲਿਸ ਵਲੋਂ ਜਾਂਚ ਜਾਰੀ ਹੈ |