ਜ਼ੀਰਕਪੁਰ, 3 ਜੂਨ (ਮਨਿੰਦਰ ਸਿੰਘ)-ਚੋਰਾਂ ਨੇ ਬੀਤੇ ਦਿਨੀਂ ਸਵੇਰ ਵੇਲੇ ਲੋਹਗੜ੍ਹ ਇਲਾਕੇ ਦੀ ਸਿਗਮਾ ਸਿਟੀ ਐਕਸਟੈਂਸ਼ਨ ਸੁਸਾਇਟੀ ਦੇ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਕਰੀਬ 4 ਤੋਲੇ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ | ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਪੁਲਕਿਤ ਪਠਾਨੀਆ ਨੇ ਦੱਸਿਆ ਕਿ ਉਹ ਰਾਤ ਦੀ ਸ਼ਿਫਟ 'ਚ ਕੰਮ ਕਰਦਾ ਹੈ ਤੇ ਸੋਮਵਾਰ ਸਵੇਰੇ ਉਸ ਦੀ ਮਾਤਾ ਸਵਾ 6 ਵਜੇ ਕਿਸੇ ਕੰਮ ਲਈ ਘਰੋਂ ਬਾਹਰ ਗਈ ਸੀ, ਜਦ ਕਿ 7 ਵਜੇ ਉਸ ਦਾ ਭਰਾ ਵੀ ਡਿਊਟੀ 'ਤੇ ਚਲਾ ਗਿਆ ਸੀ | ਜਦੋਂ ਉਹ ਆਪਣੀ ਡਿਊਟੀ ਖ਼ਤਮ ਕਰਕੇ ਬਾਅਦ ਦੁਪਹਿਰ ਕਰੀਬ 2 ਵਜੇ ਘਰ ਪੁੱਜਿਆ ਤਾਂ ਘਰ ਦੇ ਮੁੱਖ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਘਰ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ | ਜਦੋਂ ਉਸ ਨੇ ਜਾਂਚ ਕੀਤੀ ਤਾਂ ਅਲਮਾਰੀ 'ਚ ਪਈ ਇਕ ਸੋਨੇ ਦੀ ਨੱਕ 'ਚ ਪਾਉਣ ਵਾਲੀ ਨੱਥ, ਇਕ ਸੋਨੇ ਦਾ ਟਿੱਕਾ, ਦੋ ਅੰਗੂਠੀਆਂ, ਦੋ ਜੋੜੀਆਂ ਕੰਨਾਂ ਦੀਆਂ ਵਾਲੀਆਂ, ਇਕ ਸੋਨੇ ਦੀ ਨੱਕ ਦੀ ਪਿੰਨ, ਇਕ ਚਾਂਦੀ ਦੀ ਝਾਂਜਰਾਂ ਦੀ ਜੋੜੀ ਤੇ ਇਕ ਚਾਂਦੀ ਦੀ ਅੰਗੂਠੀ ਗਾਇਬ ਸੀ | ਉਸ ਨੇ ਦੱਸਿਆ ਕਿ ਜਦੋਂ ਉਸ ਨੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਸਵੇਰੇ 11:45 ਵਜੇ ਦੋ ਵਿਅਕਤੀ ਘਰ ਵਿਚ ਦਾਖ਼ਲ ਹੁੰਦੇ ਦਿਖਾਈ ਦਿੰਦੇ ਹਨ, ਪਰ ਉਹ ਕਦੋਂ ਬਾਹਰ ਗਏ ਜਾਂ ਕਿਸ ਪਾਸੇ ਤੋਂ ਗਏ, ਇਹ ਸਾਫ਼ ਨਹੀਂ ਹੋ ਸਕਿਆ | ਉਸ ਨੇ ਦੱਸਿਆ ਕਿ ਚੋਰੀ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ |