ਚੰਡੀਗੜ੍ਹ,4 ਜੂਨ (ਮਾਰਕੰਡਾ)- ਚੰਡੀਗੜ੍ਹ ਵਪਾਰ ਮੰਡਲ (ਸੀ.ਬੀ.ਐਮ) ਦੇ ਪ੍ਰਧਾਨ ਸੰਜੀਵ ਚੱਢਾ, ਜਨਰਲ ਸਕੱਤਰ ਬਲਵਿੰਦਰ ਸਿੰਘ ਅਤੇ ਅਨਾਜ ਮੰਡੀ ਭਲਾਈ ਐਸੋਸੀਏਸ਼ਨ (ਜੀ. ਐਮ. ਡਬਲਿਓ.ਏ.) ਦੇ ਪ੍ਰਧਾਨ ਮੋਹਿਤ ਸੂਦ ਨੇ ਆਪਣੇ ਵਫ਼ਦ ਨਾਲ ਖੇਤੀਬਾੜੀ ਵਿਭਾਗ ਚੰਡੀਗੜ੍ਹ ਦੇ ਸਕੱਤਰ ਹਰੀ ਕਲੀਕਟ ਆਈ.ਏ.ਐਸ ਅਤੇ ਪੀ.ਸੀ.ਐਸ ਪਵਿੱਤਰ ਸਿੰਘ ਨਾਲ ਮੁਲਾਕਾਤ ਕੀਤੀ | ਇਹ ਮੀਟਿੰਗ ਸੈਕਟਰ 26 ਅਨਾਜ ਮੰਡੀ ਵਿਚ ਸਫ਼ਾਈ ਅਤੇ ਗੈਰ-ਕਾਨੂੰਨੀ ਕਬਜ਼ਿਆਂ ਦੇ ਮਹੱਤਵਪੂਰਨ ਮੁੱਦਿਆਂ 'ਤੇ ਕੇਂਦਿ੍ਤ ਰਹੀ | ਚਰਚਾ ਦੌਰਾਨ ਵਫ਼ਦ ਨੇ ਅਣਅਧਿਕਾਰਤ ਵਿਕਰੇਤਾਵਾਂ ਅਤੇ ਨਾਕਾਫ਼ੀ ਸਫ਼ਾਈ ਸਹੂਲਤਾਂ ਦੁਆਰਾ ਦਰਪੇਸ਼ ਚੁਣੌਤੀਆਂ ਨੂੰ ਉਜਾਗਰ ਕੀਤਾ | ਜੋ ਵਪਾਰੀਆਂ ਅਤੇ ਗਾਹਕਾਂ ਦੋਵਾਂ 'ਤੇ ਮਾੜਾ ਪ੍ਰਭਾਵ ਪਾ ਰਹੀਆਂ ਹਨ | ਉਨ੍ਹਾਂ ਨੇ ਮਾਰਕੀਟ ਖੇਤਰ ਵਿਚ ਵਿਵਸਥਾ ਅਤੇ ਸਫ਼ਾਈ ਨੂੰ ਬਹਾਲ ਕਰਨ ਲਈ ਤੁਰੰਤ ਅਤੇ ਤਾਲਮੇਲ ਵਾਲੀ ਕਾਰਵਾਈ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਜਵਾਬ ਵਿਚ ਹਰੀ ਕਲੀਕਟ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਅਨਾਜ ਮੰਡੀ ਵਿਚ ਗੈਰ-ਕਾਨੂੰਨੀ ਵਿਕਰੇਤਾ ਅਤੇ ਸਫ਼ਾਈ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਪ੍ਰਭਾਵਸ਼ਾਲੀ ਉਪਾਅ ਤਿਆਰ ਕਰਨ ਅਤੇ ਲਾਗੂ ਕਰਨ ਲਈ ਸਾਰੇ ਸਬੰਧਿਤ ਵਿਭਾਗਾਂ ਨਗਰ ਨਿਗਮ, ਪੁਲਿਸ ਵਿਭਾਗ, ਅਸਟੇਟ ਦਫ਼ਤਰ ਅਤੇ ਇੰਜੀਨੀਅਰਿੰਗ ਵਿਭਾਗ ਨੂੰ ਸ਼ਾਮਲ ਕਰਦੇ ਹੋਏ ਮੁੱਖ ਸਕੱਤਰ ਨਾਲ ਇਕ ਸਾਂਝੀ ਮੀਟਿੰਗ ਬੁਲਾਉਣਗੇ | ਇਸ ਤੋਂ ਇਲਾਵਾ ਵਫ਼ਦ ਨੇ ਅਨਾਜ ਅਤੇ ਸਬਜ਼ੀ ਮੰਡੀਆਂ ਨੂੰ ਵੱਖਰਾ ਕਰਨ ਲਈ ਭੌਤਿਕ ਬੈਰੀਕੇਡ ਲਗਾਉਣ ਦੀ ਬੇਨਤੀ ਕੀਤੀ | ਇਸ ਉਪਾਅ ਦਾ ਉਦੇਸ਼ ਦੋਵਾਂ ਮੰਡੀਆਂ ਵਿਚਕਾਰ ਓਵਰਲੈਪ ਨੂੰ ਰੋਕਣਾ ਹੈ | ਜਿਸ ਨਾਲ ਕਬਜ਼ੇ ਅਤੇ ਸਫ਼ਾਈ ਦੇ ਮੁੱਦਿਆਂ ਨੂੰ ਇਕੋ ਸਮੇਂ ਹੱਲ ਕੀਤਾ ਜਾ ਸਕਦਾ ਹੈ | ਜਿਨ੍ਹਾਂ ਨਾਲ ਜਨਰਲ ਸਕੱਤਰ ਰਾਹੁਲ ਗੋਇਲ, ਸੰਯੁਕਤ ਸਕੱਤਰ ਸਾਹਿਲ ਅਤੇ ਉਪ ਚੇਅਰਮੈਨ ਸੁਨੀਲ ਗੁਪਤਾ ਹਾਜ਼ਰ ਸਨ |