ਡੇਰਾਬੱਸੀ ਪ੍ਰਸ਼ਾਸਨ ਸੜਕਾਂ ਦੀ ਹਾਲਤ ਸੁਧਾਰਨ 'ਚ ਰਿਹਾ ਨਾਕਾਮ <br/>
ਅਜੀਤ ਡੈਸਕ
05-06-2025
ਡੇਰਾਬੱਸੀ, 4 ਜੂਨ (ਗੁਰਮੀਤ ਸਿੰਘ)-ਨਗਰ ਕੌਂਸਲ ਡੇਰਾਬੱਸੀ ਦੀ ਹੱਦ 'ਚ ਪੈਂਦੇ ਮੁਬਾਰਕਪੁਰ ਚੌਕ ਵਿਖੇ ਸੜਕ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੋ ਚੁੱਕੀ ਹੈ | ਇਥੇੇ ਸੜਕ ਟੋਇਆਂ 'ਚ ਗੁਆਚ ਗਈ ਹੈ | ਇਲਾਕਾ ਵਾਸੀਆਂ ਨੇ ਸੜਕ ਦੀ ਹਾਲਤ ਨੂੰ ਲੈ ਕੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਬਾਬਤ ਉਹ ਕਈ ਵਾਰ ਪ੍ਰਸ਼ਾਸਨ ਨੂੰ ਸੂਚਿਤ ਕਰ ਚੁੱਕੇ ਹਨ ਪਰ ਅਜੇ ਤੱਕ ਕੋਈ ਢੁਕਵਾਂ ਕਦਮ ਨਹੀਂ ਚੁੱਕਿਆ ਗਿਆ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਸੜਕ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਆਵਾਜਾਈ ਪੱਖੋਂ ਖੇਤਰ ਦੇ ਲੋਕਾਂ ਨੂੰ ਸੁਵਿਧਾ ਮਿਲ ਸਕੇ ਅਤੇ ਹਾਦਸਿਆਂ ਤੋਂ ਬਚਿਆ ਜਾ ਸਕੇ |
ਉਨ੍ਹਾਂ ਕਿਹਾ ਕਿ ਮੁਬਾਰਕਪੁਰ ਚੌਕ 'ਤੇ ਸੜਕ ਦੀ ਖਸਤਾ ਹਾਲਤ ਦਾ ਮੁੱਖ ਕਾਰਨ ਸੜਕ ਦੀ ਸਮੇਂ ਸਿਰ ਮੁਰੰਮਤ ਨਾ ਕਰਨਾ, ਟ੍ਰੈਫ਼ਿਕ ਅਤੇ ਭਾਰੀ ਵਾਹਨਾਂ ਦਾ ਦਬਾਅ, ਨਿਕਾਸੀ ਪਾਣੀ ਦੀ ਠੀਕ ਵਿਵਸਥਾ ਨਾ ਹੋਣਾ ਅਤੇ ਨਿਰਮਾਣ ਦੌਰਾਨ ਗੁਣਵੱਤਾ ਦੀ ਜਾਂਚ ਨਾ ਕਰਨਾ ਹੈ | ਉਨ੍ਹਾਂ ਕਿਹਾ ਕਿ ਸ਼ਹਿਰ 'ਚ ਸੜਕਾਂ 'ਤੇ ਮੋਟਰ-ਗੱਡੀਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ ਪਰ ਸੜਕਾਂ ਦੀ ਮੁਰੰਮਤ ਅਤੇ ਵਿਸਥਾਰ 'ਚ ਭਾਰੀ ਲਾਪ੍ਰਵਾਹੀ ਵਰਤੀ ਜਾ ਰਹੀ ਹੈ | ਇਸ ਤੋਂ ਇਲਾਵਾ ਓਵਰਲੋਡ ਵਾਹਨ ਮੁਬਾਰਕਪੁਰ ਸੜਕ ਦੀ ਖਸਤਾ ਹਾਲਤ ਦਾ ਮੁੱਖ ਕਾਰਨ ਹਨ ਅਤੇ ਜੇਕਰ ਪ੍ਰਸ਼ਾਸਨ ਇਨ੍ਹਾਂ 'ਤੇ ਨਕੇਲ ਪਾ ਲੈਂਦਾ ਹੈ ਤਾਂ ਸੜਕ ਦੀ ਉਮਰ ਕਈ ਸਾਲ ਵਧ ਸਕਦੀ ਹੈ | ਉਨ੍ਹਾਂ ਕਿਹਾ ਕਿ ਮੀਂਹ ਪੈਣ 'ਤੇ ਸੜਕ 'ਤੇ ਬਣੇ ਟੋਇਆਂ 'ਚ ਪਾਣੀ ਭਰ ਗਿਆ ਹੈ, ਜਿਸ ਕਾਰਨ ਹਾਦਸਿਆਂ ਦਾ ਡਰ ਵਧ ਗਿਆ ਹੈ |