ਚੰਡੀਗੜ੍ਹ, 2 ਸਤੰਬਰ (ਸੰਦੀਪ ਕੁਮਾਰ ਮਾਹਨਾ)-ਵਾਲਮੀਕਿ ਭਾਈਚਾਰੇ ਦੀ ਆਉਣ ਵਾਲੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਨੇ ਹੋਰ ਰਫ਼ਤਾਰ ਫੜ੍ਹ ਲਈ ਹੈ | ਇਸ ਸਬੰਧੀ ਹੋਈ ਇੱਕ ਅਹਿਮ ਮੀਟਿੰਗ ਦੌਰਾਨ ਸਮਾਜ ਸੇਵੀ ਪਰਵੀਨ ਸ਼ਾਹ ਨੂੰ ਸ਼ੋਭਾ ਯਾਤਰਾ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ | ਪਰਵੀਨ ਸ਼ਾਹ ਦੀ ਨਿਯੁਕਤੀ ਨਾਲ ਭਾਈਚਾਰੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਉਨ੍ਹਾਂ ਨੂੰ ਵੱਡੇ ਪੱਧਰ 'ਤੇ ਵਧਾਈਆਂ ਦੇ ਸੁਨੇਹੇ ਮਿਲ ਰਹੇ ਹਨ | ਮੀਟਿੰਗ ਦੌਰਾਨ ਕਮੇਟੀ ਦੇ ਹੋਰ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ, ਜਿਨ੍ਹਾਂ ਵਿਚ ਨੌਜਵਾਨਾਂ ਨੂੰ ਵਧੇਰੇ ਤਰਜੀਹ ਦਿੱਤੀ ਗਈ ਤਾਂ ਜੋ ਤਿਉਹਾਰਕ ਪ੍ਰੋਗਰਾਮ ਨੂੰ ਆਧੁਨਿਕ ਢੰਗ ਨਾਲ ਸਫਲ ਬਣਾਇਆ ਜਾ ਸਕੇ | ਚੁਣੇ ਗਏ ਚੇਅਰਮੈਨ ਪਰਵੀਨ ਸ਼ਾਹ ਨੇ ਕਿਹਾ ਕਿ ਉਹ ਸਮਾਜ ਦੀ ਏਕਤਾ ਅਤੇ ਰਵਾਇਤਾਂ ਨੂੰ ਸੰਜੋਣ ਲਈ ਪੂਰੀ ਇਮਾਨਦਾਰੀ ਨਾਲ ਯਤਨ ਕਰਨਗੇ | ਉਨ੍ਹਾਂ ਨੇ ਭਾਈਚਾਰੇ ਦੇ ਹਰ ਵਰਗ ਦੇ ਲੋਕਾਂ ਨੂੰ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ | ਕਮੇਟੀ ਮੈਂਬਰਾਂ ਨੇ ਵਿਸ਼ਵਾਸ ਜਤਾਇਆ ਕਿ ਪਰਵੀਨ ਸ਼ਾਹ ਦੀ ਅਗਵਾਈ ਹੇਠ ਇਸ ਵਾਰ ਦੀ ਸ਼ੋਭਾ ਯਾਤਰਾ ਹੋਰ ਵੀ ਵਿਸ਼ਾਲ ਤੇ ਆਕਰਸ਼ਕ ਰੂਪ ਧਾਰੇਗੀ ਅਤੇ ਸਮਾਜਿਕ ਸਾਂਝ ਨੂੰ ਮਜ਼ਬੂਤੀ ਮਿਲੇਗੀ | ਚੇਅਰਮੈਨ ਚੁਣੇ ਜਾਣ ਮਗਰੋਂ ਪਰਵੀਨ ਸ਼ਾਹ ਨੇ ਦੱਸਿਆ ਕਿ ਕਮੇਟੀ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਵਾਲਮੀਕਿ ਸ਼ੋਭਾ ਯਾਤਰਾ 12 ਅਕਤੂਬਰ, ਐਤਵਾਰ ਨੂੰ ਕੱਢੀ ਜਾਵੇਗੀ | ਯਾਤਰਾ ਸਵੇਰੇ 9 ਵਜੇ ਸੈਕਟਰ 29 ਵਾਲਮੀਕਿ ਮੰਦਰ ਤੋਂ ਸ਼ੁਰੂ ਹੋ ਕੇ ਸੈਕਟਰ 20, 19 ਅਤੇ 18 ਤੋਂ ਹੁੰਦੀ ਹੋਈ ਮੁੜ ਕੇ ਸੈਕਟਰ 29 ਮੰਦਰ ਵਿਚ ਸਮਾਪਤ ਹੋਵੇਗੀ | ਸ਼ਾਹ ਨੇ ਦੱਸਿਆ ਕਿ ਕਮੇਟੀ ਵਲੋਂ ਯਾਤਰਾ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ, ਟਰੈਫ਼ਿਕ ਰੂਟ ਪਲਾਨ ਅਤੇ ਸਫ਼ਾਈ ਬਾਰੇ ਪ੍ਰਸ਼ਾਸਨ ਨਾਲ ਵਿਸ਼ੇਸ਼ ਮੀਟਿੰਗ ਨੀ ਵੀ ਕੀਤੀ ਜਾਵੇਗੀ ਤਾਂ ਜੋ ਸ਼ੋਭਾ ਯਾਤਰਾ ਦੌਰਾਨ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ | 01ਸੀਐਚਡੀ34