ਖਰੜ, 4 ਸਤੰਬਰ (ਗੁਰਮੁੱਖ ਸਿੰਘ ਮਾਨ)-ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਅਤੇ ਤਹਿਸੀਲ ਖਰੜ ਤਹਿਤ ਪੈਂਦੇ ਪਿੰਡ ਮਲਕਪੁਰ ਨੇੜਿਓਾ ਲੰਘਦੀ ਐਸ. ਵਾਈ. ਐਲ. ਨਹਿਰ ਦੇ ਪੁਲ ਦੇ ਖਸਤਾ ਹਾਲਤ ਹੋਣ ਕਾਰਨ ਆਵਾਜਾਈ ਪਿਛਲੇ ਕਈ ਦਿਨਾਂ ਤੋਂ ਠੱਪ ਪਈ ਹੈ, ਜਿਸ ਕਾਰਨ ਰੋਜ਼ਾਨਾ ਚੰਡੀਗੜ੍ਹ, ਖਰੜ ਤੇ ਮੁਹਾਲੀ ਸਮੇਤ ਹੋਰਨਾਂ ਸ਼ਹਿਰਾਂ ਨੂੰ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਕੁਲਵੰਤ ਸਿੰਘ ਤਿ੍ਪੜੀ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹਕਲਾਂ, ਗੁਰਸ਼ਰਨ ਸਿੰਘ, ਗੁਰਿੰਦਰ ਸਿੰਘ, ਗੁਰਸੇਵਕ ਸਿੰਘ, ਜਸਵਿੰਦਰ ਸਿੰਘ, ਸੁਰਮੁੱਖ ਸਿੰਘ ਮਲਕਪੁਰ ਤੇ ਸ਼ਰਨਪ੍ਰੀਤ ਸਿੰਘ ਸਮੇਤ ਹੋਰਨਾਂ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਚੰਨੀ ਵਲੋਂ ਇਸ ਪੁਲ ਦਾ ਦੌਰਾ ਕਰਕੇ ਅਧਿਕਾਰੀਆਂ ਨੂੰ ਇਸ ਦੀ ਮੁਰੰਮਤ ਕਰਨ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਸਨ ਤੇ ਇਸੇ ਦਿਨ ਸ਼ਾਮ ਨੂੰ ਡਿਪਟੀ ਕਮਿਸ਼ਨਰ ਮੁਹਾਲੀ ਕੋਮਲ ਮਿੱਤਲ ਵਲੋਂ ਵੀ ਇਸ ਪੁਲ ਦਾ ਜਾਇਜ਼ਾ ਲਿਆ ਗਿਆ ਸੀ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਸੀ ਕਿ ਪੁਲ ਦੀ ਮੁਰੰਮਤ ਕਰਵਾ ਕੇ ਇਸ ਨੂੰ ਆਵਾਜਾਈ ਲਈ ਖੋਲਿ੍ਹਆ ਜਾਵੇ, ਪਰ ਅੱਜ ਤੱਕ ਕਿਸੇ ਵਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਨਹਿਰ 'ਚ ਖਰੜ ਸ਼ਹਿਰ ਦਾ ਗੰਦਾ ਪਾਣੀ ਡਿੱਗਦਾ ਹੈ, ਜਿਸ ਕਾਰਨ ਇਥੇ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਹੈ | ਉਨ੍ਹਾਂ ਦੱਸਿਆ ਕਿ ਬੀਤੇ ਦੋ ਸਾਲ ਪਹਿਲਾਂ ਵੀ ਇਹ ਪੁਲ ਪਾਣੀ 'ਚ ਰੁੜ੍ਹ ਗਿਆ ਸੀ, ਜਿਸ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਆਪਣੇ ਪੱਧਰ 'ਤੇ ਇਸ ਦੀ ਮੁਰੰਮਤ ਕੀਤੀ ਸੀ, ਉਪਰੰਤ ਪ੍ਰਸ਼ਾਸਨ ਵਲੋਂ ਇਸ ਪੁਲ 'ਚ ਪਾਈਪਾਂ ਪਾ ਕੇ ਇਸ ਨੂੰ ਆਰਜ਼ੀ ਤੌਰ 'ਤੇ ਚਾਲੂ ਕਰ ਦਿੱਤਾ ਗਿਆ ਸੀ, ਪਰ ਹੁਣ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਅਤੇ ਖਰੜ ਤੋਂ ਲਗਾਤਾਰ ਆ ਰਹੇ ਗੰਦੇ ਪਾਣੀ ਕਾਰਨ ਪ੍ਰਸ਼ਾਸਨ ਵਲੋਂ ਪਾਈਆਂ ਗਈਆਂ ਪਾਈਪਾਂ ਹੜ੍ਹ ਗਈਆਂ ਹਨ, ਜਿਸ ਕਾਰਨ ਇਸ ਪੁਲ 'ਤੇ ਆਵਾਜਾਈ ਬਿਲਕੁੱਲ ਠੱਪ ਹੋ ਗਈ ਹੈ |