ਚੰਡੀਗੜ੍ਹ, 21 ਸਤੰਬਰ (ਮਾਰਕੰਡਾ)- ਪੀ.ਜੀ.ਆਈ.ਐਮ.ਈ.ਆਰ ਚੰਡੀਗੜ੍ਹ ਦੇ ਓਰਲ ਹੈਲਥ ਸਾਇੰਸਜ਼ ਸੈਂਟਰ ਦੇ ਐਡੀਸ਼ਨਲ ਪ੍ਰੋਫੈਸਰ ਡਾ. ਅਰਪਿਤ ਗੁਪਤਾ ਨੂੰ ਨਵੀਂ ਦਿੱਲੀ ਵਿਖੇ ਇੰਟਰਨੈਸ਼ਨਲ ਐਸੋਸੀਏਸ਼ਨ ਫਾਰ ਡੈਂਟਲ, ਓਰਲ ਐਂਡ ਕ੍ਰੈਨੀਓਫੇਸ਼ੀਅਲ ਰਿਸਰਚ (ਆਈ.ਏ.ਡੀ.ਆਰ), ਇੰਡੀਆ ਡਿਵੀਜ਼ਨ ਦੁਆਰਾ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਅਤੇ ਭਾਰਤ ਸਰਕਾਰ ਦੇ ਪੁਲਾੜ ਵਿਭਾਗ ਦੇ ਸਕੱਤਰ ਡਾ. ਵੀ. ਨਾਰਾਇਣਨ ਨੇ ਫੈਲੋਸ਼ਿਪ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਹੈ | ਇਹ ਫੈਲੋਸ਼ਿਪ ਅਵਾਰਡ ਆਈ.ਏ.ਡੀ.ਆਰ ਇੰਡੀਆ ਡਿਵੀਜ਼ਨ ਦੁਆਰਾ ਦਿੱਤਾ ਜਾਣ ਵਾਲਾ ਸਭ ਤੋਂ ਉੱਚਾ ਸਨਮਾਨ ਹੈ | ਦੱਸਣਯੋਗ ਹੈ ਕਿ ਇਹ ਪੁਰਸਕਾਰ ਉਨ੍ਹਾਂ ਵਿਅਕਤੀਆਂ ਲਈ ਰਾਖਵਾਂ ਹੁੰਦਾ ਹੈ, ਜਿਨ੍ਹਾਂ ਨੇ ਰਾਸ਼ਟਰੀ ਅਤੇ ਵਿਸ਼ਵ ਪੱਧਰ 'ਤੇ ਦੰਦਾਂ ਦੀ ਖੋਜ ਵਿਚ ਉੱਤਮਤਾ ਅਤੇ ਅਗਵਾਈ ਕੀਤੀ ਹੁੰਦੀ ਹੈ | ਡਾ. ਗੁਪਤਾ ਦੀ ਖੋਜ ਦਾ ਇਸ ਖੇਤਰ 'ਤੇ ਡੂੰਘਾ ਪ੍ਰਭਾਵ ਪਿਆ ਹੈ | ਡਾ.ਗੁਪਤਾ ਦੁਆਰਾ ਕੀਤੀ ਖੋਜ ਵਿਚ ਨਵੀਨਤਾ, ਵਿਗਿਆਨਕ ਕਠੋਰਤਾ ਅਤੇ ਮਰੀਜ਼ਾਂ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਦੀ ਵਚਨਬੱਧਤਾ ਰਾਹੀਂ ਗੰਭੀਰ ਮੌਖਿਕ ਸਿਹਤ ਚੁਣੌਤੀਆਂ ਨੂੰ ਹੱਲ ਕੀਤਾ ਗਿਆ ਹੈ |