ਚੰਡੀਗੜ੍ਹ, 21 ਸਤੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਨੇ ਚੋਰੀ ਦੀਆਂ ਦੋ ਵੱਖ-ਵੱਖ ਘਟਨਾਵਾਂ ਵਿਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪਹਿਲੀ ਘਟਨਾ ਵਿਚ, ਥਾਣਾ ਸਾਰੰਗਪੁਰ ਵਿਚ ਬੀ. ਐੱਨ. ਐੱਸ. ਦੀ ਧਾਰਾ 305, 331 (4) ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ | ਸ਼ਿਕਾਇਤਕਰਤਾ ਯੂਨਸ ਮਸੀਹ (38) ਵਾਸੀ ਖੁੱਡਾ ਲਹੌਰਾ ਨੇ ਪੁਲਿਸ ਨੂੰ ਦੱਸਿਆ ਕਿ 19/20 ਸਤੰਬਰ ਦੀ ਦਰਮਿਆਨੀ ਰਾਤ ਨੂੰ ਉਸ ਦੇ ਘਰ ਵਿਚ ਅਣਪਛਾਤੇ ਚੋਰ ਦਾਖਲ ਹੋਏ ਅਤੇ 25 ਹਜ਼ਾਰ ਰੁਪਏ ਦੀ ਨਕਦੀ, ਇਕ ਸੋਨੇ ਦੀ ਅੰਗੂਠੀ, ਇਕ ਕੰਨ ਦੇ ਟੋਪਸ, ਇਕ ਸੋਨੇ ਦੀ ਚੇਨ, ਚਾਂਦੀ ਦੀ ਪਾਇਲ ਦਾ ਇਕ ਜੋੜਾ ਅਤੇ ਇਕ ਘੜੀ ਚੋਰੀ ਕਰ ਕੇ ਲੈ ਗਏ | ਪੁਲਿਸ ਨੇ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ | ਦੂਜੇ ਮਾਮਲੇ ਵਿਚ ਥਾਣਾ ਮਲੋਆ ਦੀ ਪੁਲਿਸ ਨੇ ਸ਼ਿਕਾਇਤਕਰਤਾ ਵਿਸ਼ਾਲ (25) ਵਾਸੀ ਸੈਕਟਰ-38 ਵੈਸਟ, ਚੰਡੀਗੜ੍ਹ ਦੇ ਬਿਆਨਾਂ ਦੇ ਆਧਾਰ 'ਤੇ ਬੀ. ਐਨ. ਐੱਸ. ਦੀ ਧਾਰਾ 326, 303 (2), 324 (4), 3 (5) ਐੱਫ. ਆਈ. ਆਰ. ਦਰਜ ਕਰ ਲਈ ਹੈ | ਉਸ ਨੇ ਪੁਲਿਸ ਨੂੰ ਦੱਸਿਆ ਕਿ 19 ਸਤੰਬਰ ਨੂੰ ਉਸ ਦੀ ਕਾਰ ਵਿਚੋਂ ਸੋਨੂੰ ਉਰਫ਼ ਕੱਲੂ, ਰਮਨ ਅਤੇ 2-3 ਹੋਰ ਅਣਪਛਾਤੇ ਵਿਅਕਤੀ ਉਸ ਦਾ ਡਰਾਈਵਿੰਗ ਲਾਇਸੈਂਸ, ਜ਼ਰੂਰੀ ਦਸਤਾਵੇਜ਼, 85 ਹਜ਼ਾਰ ਰੁਪਏ ਦੀ ਨਕਦੀ ਅਤੇ ਸੋਨੇ ਦੇ ਟੋਪਸ ਚੋਰੀ ਕਰ ਕੇ ਲੈ ਗਏ ਹਨ | ਪੁਲਿਸ ਨੇ ਦੋਵੇਂ ਘਟਨਾਵਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |