21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਕੌਮੀ ਇਨਸਾਫ਼ ਮੋਰਚੇ ਦੇ ਸੱਦੇ 'ਤੇ ਜਗਰਾਉਂ ਪੂਰਨ ਬੰਦ ਰਿਹਾ

ਜਗਰਾਉਂ (ਲੁਧਿਆਣਾ), 21 ਅਗਸਤ ( ਕੁਲਦੀਪ ਸਿੰਘ ਲੋਹਟ)- ਕੌਮੀ ਇਨਸਾਫ਼ ਮੋਰਚੇ ਵਲੋਂ ਦਿੱਤੇ ‘ਪੰਜਾਬ ਬੰਦ’ ਦੇ...

Ad Position 21
No active advertisement
ਅਜੀਤ ਡੈਸਕ 21-08-2026

ਜਗਰਾਉਂ (ਲੁਧਿਆਣਾ), 21 ਅਗਸਤ ( ਕੁਲਦੀਪ ਸਿੰਘ ਲੋਹਟ)- ਕੌਮੀ ਇਨਸਾਫ਼ ਮੋਰਚੇ ਵਲੋਂ ਦਿੱਤੇ ‘ਪੰਜਾਬ ਬੰਦ’ ਦੇ ਸੱਦੇ ਤਹਿਤ ਅੱਜ ਜਗਰਾਉਂ ਸ਼ਹਿਰ ਵਿਚ ਮੁਕੰਮਲ ਬੰਦ ਦਾ ਪ੍ਰਭਾਵ ਦੇਖਣ ਨੂੰ ਮਿਲਿਆ। ਬੰਦ ਦੇ ਸੱਦੇ ਦੇ ਮੱਦੇਨਜ਼ਰ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਦੁਕਾਨਾਂ ਬੰਦ ਰਹੀਆਂ, ਜਿਸ ਕਾਰਨ ਆਮ ਦਿਨਾਂ ਦੇ ਮੁਕਾਬਲੇ ਬਾਜ਼ਾਰਾਂ ਵਿਚ ਚਹਿਲ-ਪਹਿਲ ਘੱਟ ਨਜ਼ਰ ਆਈ। ਬੰਦ ਨੂੰ ਲੈ ਕੇ ਸਿੱਖ ਜਥੇਬੰਦੀਆਂ ਅਤੇ ਹੋਰ ਸਹਿਯੋਗੀ ਵਰਗਾਂ ਵਲੋਂ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਗਈ ਸੀ।

ਇਸ ਦੌਰਾਨ ਜੱਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਗੁਰਦੁਆਰਾ ਸਿੰਘ ਸਭਾ ਵਿਖੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਸੰਗਤ ਵਲੋਂ ਅਰਦਾਸ ਕੀਤੀ ਗਈ। ਮਾਰਚ ਦੌਰਾਨ ਸ਼ਾਮਿਲ ਲੋਕਾਂ ਨੇ ਆਪਣੇ ਹੱਥਾਂ ਵਿਚ ਵੱਖ-ਵੱਖ ਮੰਗਾਂ ਨਾਲ ਸਬੰਧਤ ਤਖ਼ਤੀਆਂ ਅਤੇ ਬੈਨਰ ਫੜੇ ਹੋਏ ਸਨ। ਉਨ੍ਹਾਂ ਵਲੋਂ ਆਪਣੇ ਹੱਕਾਂ ਅਤੇ ਇਨਸਾਫ਼ ਦੀਆਂ ਮੰਗਾਂ ਦੇ ਹੱਕ ਵਿਚ ਨਾਅਰੇਬਾਜ਼ੀ ਵੀ ਕੀਤੀ ਗਈ। ਬੰਦ ਦੇ ਸੱਦੇ ਦਾ ਪ੍ਰਭਾਵ ਸ਼ਹਿਰ ਦੇ ਮੁੱਖ ਬਾਜ਼ਾਰਾਂ ਤੋਂ ਇਲਾਵਾ ਕਈ ਅੰਦਰੂਨੀ ਬਾਜ਼ਾਰਾਂ ਵਿਚ ਵੀ ਵੇਖਣ ਨੂੰ ਮਿਲਿਆ। ਸ਼ਹਿਰ ਵਿਚ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਤੇ ਬਾਜ਼ਾਰ ਪੂਰੀ ਤਰਾਂ ਸ਼ਾਤ ਰਹੇ। ਆਗੂਆਂ ਨੇ ਕਿਹਾ ਕਿ ਬੰਦ ਦਾ ਮਕਸਦ ਕਿਸੇ ਵਰਗ ਨੂੰ ਪ੍ਰੇਸ਼ਾਨ ਕਰਨਾ ਨਹੀਂ, ਸਗੋਂ ਸਰਕਾਰ ਅਤੇ ਪ੍ਰਸ਼ਾਸਨ ਤੱਕ ਆਪਣੀ ਆਵਾਜ਼ ਪਹੁੰਚਾਉਣਾ ਹੈ।

ਬੰਦ ਅਤੇ ਰੋਸ ਮਾਰਚ ਦੇ ਮੱਦੇਨਜ਼ਰ ਪੁਲੀਸ ਪ੍ਰਸ਼ਾਸਨ ਵਲੋਂ ਵੀ ਸੁਰੱਖਿਆ ਪ੍ਰਬੰਧ ਕੀਤੇ ਗਏ। ਮੁੱਖ ਬਾਜ਼ਾਰਾਂ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਪੁਲਿਸ ਮੁਲਾਜ਼ਮ ਤਾਇਨਾਤ ਰਹੇ, ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ। ਸ਼ਹਿਰ ਅੰਦਰ ‘ਪੰਜਾਬ ਬੰਦ’ ਦਾ ਸੱਦਾ ਸ਼ਾਂਤਮਈ ਮਾਹੌਲ ਵਿੱਚ ਪ੍ਰਭਾਵਸ਼ਾਲੀ ਰਿਹਾ ਅਤੇ ਸ਼ਹਿਰ ਦੇ ਕਈ ਹਿੱਸਿਆਂ ਵਿਚ ਬੰਦ ਦਾ ਅਸਰ ਸਪੱਸ਼ਟ ਤੌਰ ’ਤੇ ਦਿਖਾਈ ਦਿੱਤਾ। ਇਸ ਦੌਰਾਨ ਜੱਥੇਬੰਦੀਆਂ ਵਲੋਂ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਮਾਰਚ ਗੁਰਦੁਆਰਾ ਸਿੰਘ ਸਭਾ ਤੋਂ ਅਰੰਭ ਹੋ ਕੇ ਬਸ ਸਟੈਂਡ ਚੌਕ 'ਚ ਜਾ ਕੇ ਸਮਾਪਤ ਹੋਇਆ। ਇਸ ਮੌਕੇ ਕੌਮੀ ਇਨਸਾਫ਼ ਮੋਰਚੇ ਦੀ ਮੁੱਢਲੀ ਮੰਗ ਨੂੰ ਦੁਹਰਾਉਂਦਿਆਂ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਉਨ੍ਹਾਂ ਸਿੱਖ ਨੌਜਵਾਨਾਂ ਦੀ ਪੂਰਨ ਰਿਹਾਈ ਦੀ ਮੰਗ ਕੀਤੀ ਹੈ, ਜੋ ਆਪਣੀਆਂ ਸਜ਼ਾਵਾਂ ਦੀ ਮਿਆਦ ਪੂਰੀ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਜੇਲ੍ਹਾਂ ਵਿਚ ਬੰਦ ਹਨ।

ਆਗੂਆਂ ਨੇ ਕਿਹਾ ਕਿ ਸਜ਼ਾ ਦੀ ਮਿਆਦ ਪੂਰੀ ਹੋਣ ਮਗਰੋਂ ਕਿਸੇ ਵਿਅਕਤੀ ਨੂੰ ਲੰਮੇ ਸਮੇਂ ਤੱਕ ਜੇਲ੍ਹ ਵਿਚ ਰੱਖਣਾ ਇਨਸਾਫ਼ ਦੇ ਮੂਲ ਸਿਧਾਂਤਾਂ ’ਤੇ ਸਵਾਲ ਖੜ੍ਹੇ ਕਰਦਾ ਹੈ। ਇਸ ਮੌਕੇ ਜੱਥੇਦਾਰ ਬਾਬਾ ਸੁਖਦੇਵ ਸਿੰਘ ਲੋਪੋ (ਦਸਮੇਸ਼ ਤਰਨਾ ਦਲ), ਭਾਈ ਤਰਨਪ੍ਰੀਤ ਸਿੰਘ ਖਾਲਸਾ, ਜੱਥੇਦਾਰ ਦਲੀਪ ਸਿੰਘ ਚੱਕਰ, ਸੁਖਵਿੰਦਰ ਸਿੰਘ ਫੌਜੀ, ਜੱਥੇਦਾਰ ਰਣਜੀਤ ਸਿੰਘ ਦਸਮੇਸ਼ ਨਗਰ, ਸੁਰਿੰਦਰਪਾਲ ਸਿੰਘ ਹਵਾਸ, ਸੁਖਵਿੰਦਰ ਸਿੰਘ ਅੱਬੂਪੁਰਾ (ਅਕਾਲੀ ਦਲ ਅੰਮ੍ਰਿਤਸਰ), ਭਾਈ ਸ਼ਮਸ਼ੇਰ ਸਿੰਘ, ਦਸ਼ਮੇਸ਼ ਕਿਸਾਨ ਯੂਨੀਅਨ ਦੇ ਆਗੂ, ਰਾਜੀਵ ਲਵਲੀ ਹਲਚਾ ਇੰਚਾਰਜ ਅਕਾਲੀ ਦਲ ਵਾਰਿਸ ਪੰਜਾਬ ਦੇ, ਬਾਜ ਸਿੰਘ ਜੱਸ ਸਿੱਧਵਾਂਬੇਟ ਅਤੇ ਨਵਦੀਪ ਸਿੰਘ, ਪ੍ਰਧਾਨ ਡੀ.ਏ.ਵੀ. ਕਾਲਜ ਸਮੇਤ ਹੋਰ ਆਗੂ ਮੌਜੂਦ ਸਨ।

ਆਗੂਆਂ ਨੇ ਕਿਹਾ ਕਿ ਕਾਨੂੰਨ ਦੀ ਨਜ਼ਰ ਵਿਚ ਹਰੇਕ ਨਾਗਰਿਕ ਨਾਲ ਇਕਸਾਰ ਵਿਵਹਾਰ ਹੋਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿੱਖ ਕੈਦੀਆਂ ਦੇ ਮਾਮਲੇ ਵਿਚ ਕਾਨੂੰਨੀ ਪ੍ਰਕਿਰਿਆ ਅਤੇ ਰਿਹਾਈ ਸਬੰਧੀ ਵੱਖਰੇ ਮਾਪਦੰਡ ਅਪਣਾਏ ਜਾਣ ਦੀ ਭਾਵਨਾ ਲਗਾਤਾਰ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕੈਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਦੀ ਰਿਹਾਈ ਨੂੰ ਹੋਰ ਲਟਕਾਉਣਾ ਪਰਿਵਾਰਾਂ ਲਈ ਵੀ ਗੰਭੀਰ ਮਾਨਸਿਕ ਅਤੇ ਸਮਾਜਿਕ ਪੀੜਾ ਦਾ ਕਾਰਨ ਬਣਦਾ ਹੈ। ਆਗੂਆਂ ਨੇ ਕਿਹਾ ਕਿ ਕੌਮੀ ਇਨਸਾਫ਼ ਮੋਰਚੇ ਦੀ ਮੰਗ ਕਿਸੇ ਵਿਅਕਤੀ ਵਿਸ਼ੇਸ਼ ਲਈ ਨਹੀਂ, ਸਗੋਂ ਉਨ੍ਹਾਂ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਨਾਲ ਸਬੰਧਤ ਹੈ, ਜੋ ਕਾਨੂੰਨ ਅਨੁਸਾਰ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ।

ਉਨ੍ਹਾਂ ਸਰਕਾਰਾਂ ਤੋਂ ਮੰਗ ਕੀਤੀ ਕਿ ਇਸ ਮਾਮਲੇ ਨੂੰ ਸਿਆਸੀ ਜਾਂ ਧਾਰਮਿਕ ਨਜ਼ਰੀਏ ਦੀ ਬਜਾਏ ਮਨੁੱਖੀ ਅਧਿਕਾਰਾਂ ਅਤੇ ਇਨਸਾਫ਼ ਦੇ ਪੈਮਾਨੇ ’ਤੇ ਦੇਖਦਿਆਂ ਸਪੱਸ਼ਟ ਨੀਤੀ ਤਹਿਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਨਸਾਫ਼ ਦੀ ਉਡੀਕ ਕਰ ਰਹੇ ਪਰਿਵਾਰਾਂ ਦੀ ਆਸ ਨੂੰ ਹੋਰ ਲੰਮਾ ਸਮਾਂ ਟਾਲਣਾ ਠੀਕ ਨਹੀਂ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਤੁਰੰਤ ਢੁੱਕਵੇਂ ਕਦਮ ਚੁੱਕੇ ਜਾਣ ਤਾਂ ਜੋ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਇਨਸਾਫ਼ ਅਤੇ ਰਾਹਤ ਮਿਲ ਸਕੇ।

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ‘ਐਡਨੋਕ’ ਗੋਲੀਆਂ ਦੀ ਕਥਿਤ ਕਾਲਾਬਾਜ਼ਾਰੀ ਦਾ ਮਾਮਲਾ ਅਗਲੀ ਖ਼ਬਰ ਸੁਧਾਰ 'ਚ ਆਈ.ਸੀ.ਆਈ.ਸੀ.ਆਈ. ਬੈਂਕ ਦੇ ਏ.ਟੀ.ਐੱਮ. ਨੂੰ ਲੁੱਟਣ ਦੀ ਕੋਸ਼ਿਸ਼ ਅਸਫ਼ਲ
Ad Position 24