ਖਰੜ, 21 ਸਤੰਬਰ (ਗੁਰਮੁੱਖ ਸਿੰਘ ਮਾਨ)-ਵਿਧਾਨ ਸਭਾ ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਖਰੜ ਦੇ ਕਾਂਗਰਸੀ ਵਰਕਰਾਂ, ਲੀਡਰਾਂ ਅਤੇ ਪਤਵੰਤਿਆਂ ਨਾਲ ਖਰੜ ਵਿਚ ਇਕ ਮੀਟਿੰਗ ਕੀਤੀ, ਜਿਸ ਵਿਚ ਖਰੜ ਸ਼ਹਿਰ ਦੇ 27 ਵਾਰਡਾਂ ਦੇ ਸਰਬਪੱਖੀ ਵਿਕਾਸ ਕਾਰਜਾਂ ਦਾ ਜਾਇਜ਼ਾ ਵੀ ਲਿਆ | ਇਸ ਦੌਰਾਨ ਸਾਬਕਾ ਮੰਤਰੀ ਕੰਗ ਨੇ ਕੌਂਸਲਰਾਂ, 'ਆਪ' ਸਰਕਾਰ ਤੇ ਖਰੜ ਦੀ ਵਿਧਾਇਕਾ ਵਿਰੁੱਧ ਆਪਣੀ ਭੜ੍ਹਾਸ ਕੱਢਦਿਆਂ ਕਿਹਾ ਕਿ ਖਰੜ ਸ਼ਹਿਰ 'ਆਪ' ਸਰਕਾਰ ਅਤੇ ਨਗਰ ਕੌਂਸਲ ਖਰੜ ਦੀ ਕਾਰਗੁਜ਼ਾਰੀ ਤੋਂ ਦੁਖੀ ਹੈ ਅਤੇ ਉਨ੍ਹਾਂ ਦੀ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਸਮੇਂ ਸਾਂਝਾ ਭਵਨ/ਕਮਿਊਨਿਟੀ ਸੈਂਟਰ ਅਤੇ ਝੁੰਗੀਆਂ ਰੋਡ ਕਰੋੜਾਂ ਰੁਪਏ ਲੱਗਣ ਤੋਂ ਬਾਅਦ ਵੀ ਇਨ੍ਹਾਂ ਨੂੰ ਅੱਧ ਵਿਚਾਲੇ ਛੱਡ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਸਮੇਂ ਉਹ ਜੋ ਖਰੜ ਸ਼ਹਿਰ ਵਿਚ ਪੀਣ ਵਾਲੇ ਪਾਣੀ ਲਈ ਕਜੋਲੀ ਵਾਟਰ ਵਰਕਸ ਦਾ ਪ੍ਰੋਜੈਕਟ ਲੈ ਕੇ ਆਏ ਸੀ, ਉਸ ਨੂੰ ਵੀ ਚਾਰ ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ, ਉਹ ਵੀ ਕਮੇਟੀ ਅਤੇ ਸਰਕਾਰ ਦੀ ਅਣਗਹਿਲੀ ਕਾਰਨ ਬਹੁਤ ਪਿੱਛੜ ਗਿਆ ਹੈ | ਸਾਬਕਾ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਖਰੜ ਤਹਿਤ ਪੈਂਦੀਆਂ ਤਿੰਨ ਕਮੇਟਿਆਂ ਖਰੜ, ਕੁਰਾਲੀ, ਨਵਾਂਗਾਓ ਦੇ ਵਸਨੀਕ ਮੁੱਢਲੀਆਂ ਸਹੂਲਤਾਂ ਲਈ ਤਰਸ ਰਹੇ ਹਨ, ਜਿਸ ਕਾਰਨ 'ਆਪ' ਸਰਕਾਰ ਜਨਤਾ ਦੇ ਦਿਲਾਂ ਵਿਚੋਂ ਲਹਿ ਚੁੱਕੀ ਹੈ ਅਤੇ ਇਸ ਅਣਜਾਨ, ਗੈਰ ਤਜਰਬੇਕਾਰ, ਦੋਗਲੀ ਸਰਕਾਰ ਨੇ ਪੰਜਾਬ ਨੂੰ ਸਾਲਾਂ ਪਿੱਛੇ ਧੱਕ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸਭ ਨੇ ਰਲ ਮਿਲ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਤਾਂ ਕਿ 2027 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਸੂਬੇ ਵਿਚ ਬਣਾਈ ਜਾ ਸਕੇ |