ਲਾਲੜੂ, 21 ਸਤੰਬਰ (ਰਾਜਬੀਰ ਸਿੰਘ)-ਡੀ. ਏ. ਪੀ. ਖਾਦ ਦੀ ਘਾਟ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ ਜਥੇਬੰਦੀ ਦੇ ਜਿਲ੍ਹਾ ਕਨਵੀਨਰ ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਲਾਲੜੂ ਵਿਖੇ ਹੋਈ | ਇਸ ਮੀਟਿੰਗ ਦੌਰਾਨ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਡੀਏਪੀ ਖਾਦ ਨਾ ਭੇਜ ਕੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ, ਜਿਸ ਨੂੰ ਲੈ ਕੇ ਕਿਸਾਨਾਂ ਵਿਚ ਸਰਕਾਰਾਂ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ | ਇਸ ਸੰਬੰਧੀ ਕਿਸਾਨ ਆਗੂ ਜਸਵਿੰਦਰ ਸਿੰਘ ਟਿਵਾਣਾ, ਪ੍ਰੇਮ ਰਾਣਾ, ਸੁਭਾਸ਼ ਰਾਣਾ, ਮਨਜੀਤ ਸਿੰਘ, ਜਸਵੰਤ ਆਲਮਗੀਰ, ਹਰਵਿੰਦਰ ਟੋਨੀ, ਤਜਿੰਦਰ ਸਿੰਘ, ਕੁਲਦੀਪ ਸਿੰਘ ਤੇ ਭੁਪਿੰਦਰ ਸਿੰਘ ਆਦਿ ਨੇ ਕਿਹਾ ਕਿ ਲਾਲੜੂ ਅਤੇ ਹੰਡੇਸਰਾ ਖੇਤਰ ਵਿਚ ਹੁਣ ਕਿਸਾਨਾਂ ਨੇ ਕਣਕ ਦੀ ਬਿਜਾਈ ਤੋਂ ਪਹਿਲਾਂ ਵੱਡੇ ਪੱਧਰ ਉੱਤੇ ਆਲੂਆਂ ਅਤੇ ਹੋਰ ਸਬਜੀਆਂ ਦੀ ਬਿਜਾਈ ਕਰਨੀ ਹੈ, ਜਿਸ ਲਈ ਡੀ. ਏ. ਪੀ. ਖਾਦ ਦੀ ਅਗੇਤੀ ਲੋੜ ਪੈਂਣੀ ਹੈ, ਪਰ ਇਸ ਸਮੇਂ ਲਾਲੜੂ ਤੇ ਹੰਡੇਸਰਾ ਖੇਤਰ ਦੀਆਂ ਕਰੀਬ 7 ਸੁਸਾਇਟੀਆਂ ਹਨ, ਜਿਨ੍ਹਾਂ ਅਧੀਨ ਕਰੀਬ 50 ਪਿੰਡ ਆਉਂਦੇ ਹਨ, ਵਿਚ ਡੀ. ਏ. ਪੀ. ਖਾਦ ਉਪਲੱਬਧ ਨਹੀਂ ਹੈ | ਕਿਸਾਨਾਂ ਸਰਕਾਰ ਤੋਂ ਡੀ. ਏ. ਪੀ. ਖਾਦ ਦੀ ਤੁਰੰਤ ਉਪਲੱਬਧਤਾ ਯਕੀਨੀ ਬਣਾਉਣ ਦੀ ਮੰਗ ਕੀਤੀ | ਜਸਵਿੰਦਰ ਸਿੰਘ ਨੇ ਦੱਸਿਆ ਕਿ ਟਿਵਾਣਾ ਸਮੇਤ ਇਸ ਦੇ ਨੇੜਲੇ ਪਿੰਡ ਪਾਣੀ ਦੇ ਹੜ੍ਹ ਦੀ ਮਾਰ ਵਿਚ ਹਨ, ਪਰ ਪਿੰਡ ਟਿਵਾਣਾ ਸੁਸਾਇਟੀ ਵਿਚ ਪਿਛਲੇ 2 ਸਾਲਾਂ ਤੋਂ ਇੱਕ ਵੀ ਥੈਲਾ ਡੀ. ਏ. ਪੀ. ਖਾਦ ਦਾ ਨਹੀਂ ਆਇਆ | ਇਸ ਸੰਬੰਧੀ ਸੰਪਰਕ ਕਰਨ ਉੱਤੇ ਕੋਆਪਰੇਟਿਵ ਸੁਸਾਇਟੀ ਲਾਲੜੂ ਤੇ ਟਿਵਾਣਾ ਦੇ ਸਕੱਤਰ ਗਿਆਨ ਸਿੰਘ ਨੇ ਦੱਸਿਆ ਕਿ ਹੁਣ ਲਾਲੜੂ ਅਤੇ ਹੰਡੇਸਰਾ ਖੇਤਰ ਦੀਆਂ ਸਾਰੀਆਂ ਸੁਸਾਇਟੀਆਂ ਵਿਚ ਖ਼ਾਦ ਨਹੀਂ ਹੈ ਤਾਂ ਉਹ ਕਿਸਾਨਾਂ ਨੂੰ ਖਾਦ ਕਿਥੋਂ ਦੇਣ | ਉਨ੍ਹਾਂ ਕਿਹਾ ਕਿ ਜਦੋਂ ਵੀ ਖ਼ਾਦ ਆਏਗੀ ਤਾਂ ਉਹ ਕਿਸਾਨਾਂ ਨੂੰ ਉਪਲੱਬਧ ਕਰਵਾ ਦੇਣਗੇ |