ਚੰਡੀਗੜ੍ਹ, 22 ਸਤੰਬਰ (ਅਜਾਇਬ ਸਿੰਘ ਔਜਲਾ)-ਨਸ਼ਾ ਮੁਕਤ ਭਾਰਤ ਦੇ ਨਿਰਮਾਣ ਲਈ, ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਚੰਡੀਗੜ੍ਹ ਵਿਖੇ 'ਨਮੋ ਯੁਵਾ ਰਨ' ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਜਿਸ ਵਿਚ ਵੱਡੀ ਗਿਣਤੀ 'ਚ ਲੋਕਾਂ ਨੇ ਹਿੱਸਾ ਲਿਆ | ਇਨ੍ਹਾਂ ਵਿਚ ਨੌਜਵਾਨ, ਫਿਟਨੈੱਸ ਦੇ ਸ਼ੌਕੀਨ, ਵਿਦਿਆਰਥੀ, ਐਥਲੀਟ, ਫਿਟਨੈੱਸ ਆਈਕਨ ਅਤੇ ਪੇਸ਼ੇਵਾਰ ਸ਼ਾਮਲ ਸਨ | ਇਸ 'ਨਮੋ ਯੁਵਾ ਰਨ' 'ਚ ਭਾਰਤ ਦੀ ਉਲੰਪਿਕ ਸਟਾਰ ਪਹਿਲਵਾਨ ਅਤੇ ਅਰਜਨ ਅਵਾਰਡੀ ਬਬੀਤਾ ਫੋਗਾਟ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਹ ਦੌੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮ ਦਿਨ ਦੇ ਮੌਕੇ 'ਤੇ ਚੱਲ ਰਹੇ 'ਸੇਵਾ ਪਖਵਾੜਾ' ਦੇ ਤਹਿਤ ਕਰਵਾਈ ਗਈ ਸੀ | ਇਸ ਦਾ ਉਦੇਸ਼ ਨੌਜਵਾਨਾਂ ਦੀ ਤਾਕਤ, ਊਰਜਾ ਅਤੇ ਦਿ੍ੜ੍ਹਤਾ ਨੂੰ ਸਰੀਰਕ ਤੌਰ 'ਤੇ ਸਿਹਤਮੰਦ ਤੇ ਤੰਦਰੁਸਤ ਰਹਿਣ ਅਤੇ ਨਸ਼ਾ ਮੁਕਤ ਭਾਰਤ ਲਈ ਪ੍ਰੇਰਿਤ ਕਰਨਾ ਸੀ | ਇਹ 'ਨਮੋ ਯੁਵਾ ਰਨ' ਚੰਡੀਗੜ੍ਹ ਕਲੱਬ ਤੋਂ ਸ਼ੁਰੂ ਹੋ ਕੇ ਸੁਖਨਾ ਝੀਲ 'ਤੇ ਸਮਾਪਤ ਹੋਈ | ਇਹ ਦੌੜ ਦੇਸ਼ ਭਰ ਦੇ 100 ਸ਼ਹਿਰਾਂ ਵਿਚ ਇਕੋ 10 ਲੱਖ ਤੋਂ ਵੱਧ ਨੌਜਵਾਨਾਂ ਨੇ ਹਿੱਸਾ ਲਿਆ ਦੱਸਿਆ ਜਾ ਰਿਹਾ ਹੈ | ਇਸ ਦਾ ਮੁੱਖ ਉਦੇਸ਼ ਪ੍ਰਧਾਨ ਮੰਤਰੀ ਨਰਿੰਦਰ ਵੱਲੋਂ ਸਿਹਤਮੰਦ ਰਹਿਣ ਅਤੇ ਨਸ਼ਾ ਮੁਕਤ ਭਾਰਤ ਦੇ ਦੋਹਰੇ ਸੰਦੇਸ਼ ਲਈ ਉਤਸ਼ਾਹਿਤ ਕਰਨਾ ਸੀ | ਇਸ ਮੌਕੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਹ 'ਨਮੋ ਯੁਵਾ ਰਨ' ਪ੍ਰਧਾਨ ਮੰਤਰੀ ਮੋਦੀ ਦੇ ਸਿਹਤਮੰਦ ਰਹਿਣ ਅਤੇ ਦੇਸ਼ ਨੂੰ ਨਸ਼ਾ ਮੁਕਤ ਬਣਾਉਣ ਦੇ ਉਨ੍ਹਾਂ ਦੇ ਦਿੱਤੇ ਸੱਦੇ ਨੂੰ ਸਮਰਪਿਤ ਹੈ | ਇਹ ਪਹਿਲਕਦਮੀ 2047 ਤੱਕ ਇਕ ਵਿਕਸਤ ਭਾਰਤ ਦੇ ਮੋਦੀ ਦੇ ਸੁਪਨੇ ਨੂੰ ਸਕਾਰ ਕਰਨ ਲਈ ਇਕ ਚੰਗਾ ਕਦਮ ਹੈ, ਜਿਸ ਵਿਚ ਨੌਜਵਾਨਾਂ ਰਾਹੀਂ ਫਿਟਨੈੱਸ, ਅਨੁਸ਼ਾਸਨ ਅਤੇ ਨਸ਼ਾ ਮੁਕਤ ਭਾਰਤ ਦੇ ਸੰਦੇਸ਼ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਗਿਆ ਹੈ |