ਚੰਡੀਗੜ੍ਹ, 22 ਸਤੰਬਰ (ਕਪਿਲ ਵਧਵਾ)-ਮਨੀਮਾਜਰਾ ਵਿਖੇ ਕਾਲਕਾ-ਸ਼ਿਮਲਾ ਹਾਈਵੇ ਕਿਨਾਰੇ ਸਥਿਤ ਰਿਲਾਇੰਸ ਜੁਵੈਲਜ਼ ਸ਼ੋਰੂਮ ਵਿਚ ਦੋ ਨਕਾਬਪੋਸ਼ਾਂ ਵਲੋਂ ਕੀਤੀ ਗਈ ਲੁੱਟ ਦੀ ਕੋਸ਼ਿਸ਼ ਸੁਰੱਖਿਆ ਗਾਰਡ ਦੀ ਸਾਵਧਾਨੀ ਤੇ ਹਿੰਮਤ ਨਾਲ ਨਾਕਾਮ ਰਹੀ | ਜਾਣਕਾਰੀ ਮੁਤਾਬਿਕ, ਇਹ ਘਟਨਾ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਦੀ ਹੈ | ਇਸ ਮੌਕੇ 2:30 ਤੋਂ 3 ਵਜੇ ਦੇ ਕਰੀਬ ਜਦੋਂ ਸ਼ੋਰੂਮ 'ਚ ਡਿਊਟੀ 'ਤੇ ਤੈਨਾਤ ਗਾਰਡ ਸੁਰਿੰਦਰ ਕੁਮਾਰ ਤਾਇਨਾਤ ਸੀ | ਉਸ ਨੇ ਦੱਸਿਆ ਕਿ ਦੋ ਨਕਾਬਪੋਸ਼ ਅਚਾਨਕ ਉੱਥੇ ਆਏ | ਉਨ੍ਹਾਂ 'ਚੋਂ ਇਕ ਨੇ ਚਾਕੂ ਦਿਖਾ ਕੇ ਉਸਨੂੰ ਕੁਰਸੀ 'ਤੇ ਬੈਠਿਆ ਨੂੰ ਕਾਬੂ ਕਰ ਲਿਆ, ਜਦਕਿ ਦੂਜਾ ਸ਼ੋਰੂਮ ਦਾ ਤਾਲਾ ਤੋੜਨ ਦੀ ਕੋਸ਼ਿਸ਼ ਕਰਨ ਲੱਗਾ | ਇਸ ਦੌਰਾਨ ਸੁਰਿੰਦਰ ਨੇ ਹਿੰਮਤ ਦਿਖਾਈ ਅਤੇ ਆਪਣੇ ਆਪ ਨੂੰ ਛੁਡਾ ਕੇ ਨਾਲ ਵਾਲੇ ਸ਼ੋਰੂਮ ਦੇ ਗਾਰਡ ਨੂੰ ਮੌਕੇ 'ਤੇ ਬੁਲਾ ਲਿਆ | ਦੋਵੇਂ ਗਾਰਡਾਂ ਦੀ ਸਾਵਧਾਨੀ ਦੇਖ ਕੇ ਲੁਟੇਰੇ ਘਬਰਾ ਗਏ ਤੇ ਕਾਰ ਵਿਚ ਬੈਠ ਕੇ ਫ਼ਰਾਰ ਹੋ ਗਏ | ਸੂਚਨਾ ਮਿਲਣ 'ਤੇ ਸ਼ੋਰੂਮ ਮੈਨੇਜਰ ਸੰਦੀਪ ਡੋਗਰਾ ਵੀ ਮੌਕੇ 'ਤੇ ਪਹੁੰਚੇ | ਪੁਲਿਸ ਨੇ ਗਾਰਡ ਦੇ ਬਿਆਨ 'ਤੇ ਮਾਮਲਾ ਦਰਜ ਕਰ ਲਿਆ ਹੈ |