ਚੰਡੀਗੜ੍ਹ, 25 ਸਤੰਬਰ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ.ਟੀ.ਯੂ.) ਨੂੰ ਅੱਜ 97 ਨਵੇਂ ਬੱਸ ਡਰਾਈਵਰ ਮਿਲੇ ਹਨ | ਪੰਜਾਬ ਦੇ ਰਾਜਪਾਲ ਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਨਵ-ਨਿਯੁਕਤ ਡਰਾਈਵਰਾਂ ਨੂੰ ਨਿਯੁਕਤੀ ਪੱਤਰ ਸੌਂਪ ਕੇ ਵਧਾਈ ਦਿੱਤੀ | ਰਾਜਪਾਲ ਕਟਾਰੀਆ ਨੇ ਇਸ ਮੌਕੇ ਨੂੰ ਨਾ ਸਿਰਫ਼ ਡਰਾਈਵਰਾਂ ਦੀ ਜ਼ਿੰਦਗੀ ਦਾ ਮਹੱਤਵਪੂਰਨ ਪੜਾਅ ਦੱਸਿਆ ਗਿਆ, ਸਗੋਂ ਸ਼ਹਿਰ ਦੀ ਆਵਾਜਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਵੀ ਇਕ ਵੱਡਾ ਕਦਮ ਕਰਾਰ ਦਿੱਤਾ | ਰਾਜਪਾਲ ਕਟਾਰੀਆ ਨੇ ਡਰਾਈਵਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨੌਕਰੀ ਕੇਵਲ ਰੁਜ਼ਗਾਰ ਨਹੀਂ, ਸਗੋਂ ਲੋਕ ਸੇਵਾ ਦੀ ਮਾਣਯੋਗ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਡਰਾਈਵਰ ਸਿਰਫ਼ ਵਾਹਨ ਨਹੀਂ ਚਲਾਉਂਦਾ, ਸਗੋਂ ਮੁਸਾਫ਼ਰਾਂ ਦੀ ਸੁਰੱਖਿਆ, ਸਮੇਂ ਦੀ ਪਾਬੰਦੀ ਤੇ ਸ਼ਹਿਰ ਦੀ ਗਤੀ ਦਾ ਰਖਵਾਲਾ ਹੁੰਦਾ ਹੈ | ਉਨ੍ਹਾਂ ਨੇ ਕਿਹਾ ਕਿ ਬੱਸਾਂ ਨੂੰ ਸਮੇਂ ਸਿਰ ਮੰਜ਼ਿਲ ਤੱਕ ਪਹੁੰਚਾਉਣਾ ਹਰ ਡਰਾਈਵਰ ਦਾ ਪਹਿਲਾ ਕਰਤੱਵ ਹੈ | ਉਨ੍ਹਾਂ ਕਿਹਾ ਕਿ ਮੁਸਾਫ਼ਰ ਹੀ ਟਰਾਂਸਪੋਰਟ ਸੇਵਾ ਦੇ ਅਸਲ ਗ੍ਰਾਹਕ ਹਨ ਅਤੇ ਗ੍ਰਾਹਕ ਨੂੰ ਪ੍ਰਮਾਤਮਾ ਦੇ ਸਮਾਨ ਮੰਨ ਕੇ ਸੇਵਾ ਕਰਨੀ ਚਾਹੀਦੀ ਹੈ | ਰਾਜਪਾਲ ਕਟਾਰੀਆ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਚੰਡੀਗੜ੍ਹ ਵਰਗੇ ਯੋਜਨਾਬੱਧ ਤੇ ਸਵੱਛ ਸ਼ਹਿਰ 'ਚ ਆਧੁਨਿਕ ਅਤੇ ਵਾਤਾਵਰਨ-ਅਨੁਕੂਲ ਟਰਾਂਸਪੋਰਟ ਸਿਸਟਮ ਦੀ ਲੋੜ ਵੱਧ ਰਹੀ ਹੈ | ਇਸੇ ਲਈ ਪ੍ਰਸ਼ਾਸਨ ਡੀਜ਼ਲ ਬੱਸਾਂ ਨੂੰ ਪੜਾਅਵਾਰ ਹਟਾ ਕੇ ਇਲੈਕਟਿ੍ਕ ਬੱਸਾਂ ਸ਼ਾਮਲ ਕਰ ਰਿਹਾ ਹੈ | ਇਸ ਮੌਕੇ ਚੰਡੀਗੜ੍ਹ ਦੇ ਮੁੱਖ ਸਕੱਤਰ ਰਾਜੀਵ ਵਰਮਾ, ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ, ਵਿੱਤ ਸਕੱਤਰ ਦੀਪਰਵਾ ਲਾਕੜਾ, ਟਰਾਂਸਪੋਰਟ ਡਾਇਰੈਕਟਰ ਪ੍ਰਧੁਮਨ ਸਿੰਘ ਸਮੇਤ ਚੰਡੀਗੜ੍ਹ ਪ੍ਰਸ਼ਾਸਨ ਦੇ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ |