ਚੰਡੀਗੜ੍ਹ, 25 ਸਤੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਸਟੇਟ ਯੂਨੀਵਰਸਿਟੀ ਸ਼੍ਰੇਣੀ ਅਧੀਨ 'ਕਲੈਰੀਵੇਟ ਇੰਡੀਆ ਰਿਸਰਚ ਐਕਸੀਲੈਂਸ ਸਾਈਟੇਸ਼ਨ ਐਵਾਰਡ-2025' ਲਈ ਨਵੀਂ ਦਿੱਲੀ ਵਿਖੇ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਹਰ ਸਾਲ ਉਨ੍ਹਾਂ ਸੰਸਥਾਵਾਂ ਤੇ ਖੋਜਕਰਤਾਵਾਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਦੇ ਕੰਮ ਨੇ ਉੱਚ ਹਵਾਲੇ ਪ੍ਰਭਾਵ ਦੁਆਰਾ ਵਿਸ਼ਵ ਵਿਆਪੀ ਮਾਨਤਾ ਪ੍ਰਾਪਤ ਕੀਤੀ ਹੈ, ਜੋ ਅਕਾਦਮਿਕ ਪ੍ਰਭਾਵ, ਨਵੀਨਤਾ ਤੇ ਸਮਾਜਿਕ ਯੋਗਦਾਨ ਨੂੰ ਦਰਸਾਉਂਦਾ ਹੈ | ਇਸ ਮੌਕੇ ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ. ਰੇਣੂ ਵਿਗ ਨੇ ਕਿਹਾ ਕਿ ਕਲੈਰੀਵੇਟ ਇੰਡੀਆ ਵਲੋਂ ਦਿੱਤੀ ਇਹ ਮਾਨਤਾ ਪੰਜਾਬ ਯੂਨੀਵਰਸਿਟੀ ਦੀ ਉੱਤਮਤਾ, ਅਕਾਦਮਿਕ ਅਤੇ ਖੋਜ ਦੇ ਸਾਰੇ ਖੇਤਰਾਂ ਵਿਚ ਇਕ ਹੋਰ ਪ੍ਰਮਾਣ ਹੈ | ਇਹ ਪੁਰਸਕਾਰ ਖੋਜਕਰਤਾਵਾਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਨੂੰ ਦਰਸਾਉਂਦਾ ਹੈ | ਦੱਸਣਯੋਗ ਹੈ ਕਿ ਇਹ ਵੱਕਾਰੀ ਪੁਰਸਕਾਰ ਨਵੀਂ ਦਿੱਲੀ ਵਿਚ ਕਰਵਾਏ ਇੱਕ ਸ਼ਾਨਦਾਰ ਸਨਮਾਨ ਸਮਾਰੋਹ ਦੌਰਾਨ ਪੰਜਾਬ ਯੂਨੀਵਰਸਿਟੀ ਦੀ ਡੀਨ ਪ੍ਰੋਫੈਸਰ ਯੋਜਨਾ ਰਾਵਤ ਨੇ ਦਿੱਤਾ ਗਿਆ |