ਪੰਚਕੂਲਾ, 26 ਸਤੰਬਰ (ਕਪਿਲ)-ਪੰਚਕੂਲਾ ਦੀ ਜ਼ਿਲ੍ਹਾ ਅਦਾਲਤ ਨੇ 2 ਧੀਆਂ ਦਾ ਕਤਲ ਕਰਨ ਵਾਲੇ ਸੋਤੇਲੇ ਪਿਤਾ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਜ਼ਿਕਰਯੋਗ ਹੈ ਕਿ ਸਾਲ 2019 'ਚ ਆਪਣੀਆਂ 2 ਸੋਤੇਲੀਆਂ ਧੀਆਂ ਨੂੰ ਹਬੀਬ ਸ਼ਾਹ ਨੇ ਕਤਲ ਕਰ ਦਿੱਤਾ ਸੀ | ਮਾਮਲੇ ਦੀ ਸੁਣਵਾਈ ਦੌਰਾਨ ਜੱਜ ਨੇ ਮੁਲਜ਼ਮ ਨੂੰ ਆਈ. ਪੀ. ਸੀ. ਦੀ ਧਾਰਾ 302 ਤਹਿਤ ਦੋਸ਼ੀ ਕਰਾਰ ਦਿੱਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਵਕੀਲ ਸੁਖਵਿੰਦਰ ਕੌਰ ਨੇ ਦੱਸਿਆ ਕਿ ਮੁਲਜ਼ਮ ਹਬੀਬ ਸ਼ਾਹ ਨੇ 2019 'ਚ ਆਪਣੀਆਂ 2 ਸੋਤੇਲੀਆਂ ਧੀਆਂ ਨੂੰ ਕਤਲ ਕਰ ਦਿੱਤਾ ਸੀ | ਉਨ੍ਹਾਂ ਪਿੰਜੌਰ-ਨਾਲਾਗੜ੍ਹ ਰੋਡ 'ਤੇ ਸਥਿਤ ਪਿੰਡ ਗੋਰਖਨਾਥ ਮੁਲਜ਼ਮ ਹਬੀਬ ਸ਼ਾਹ ਆਪਣੀ ਪਤਨੀ ਅਤੇ ਪੰਜ ਸੌਤੇਲੇ ਬੱਚਿਆਂ ਸਮੇਤ ਰਹਿੰਦਾ ਸੀ | ਪਰਿਵਾਰ 'ਚ 3 ਧੀਆਂ ਅਤੇ 2 ਪੁੱਤਰ ਸਨ | ਹਬੀਬ ਸ਼ਾਹ 'ਤੇ ਉਸ ਦੀ ਸਭ ਤੋਂ ਛੋਟੀ ਧੀ ਨੇ 13 ਮਈ 2019 ਦੀ ਰਾਤ ਛੇੜਛਾੜ ਕਰਨ ਦਾ ਦੋਸ਼ ਲਗਾਇਆ ਸੀ ਅਤੇ ਇਹ ਗੱਲ ਆਪਣੀਆਂ ਦੋਨੋਂ ਭੈਣਾਂ ਨਾਲ ਸਾਂਝੀ ਕੀਤੀ ਸੀ | ਇਸ ਤੋਂ ਬਾਅਦ ਉਸ ਦੀਆਂ ਵੱਡੀਆਂ ਭੈਣਾਂ ਨੇ ਆਪਣੇ ਸੋਤੇਲੇ ਪਿਤਾ ਦਾ ਵਿਰੋਧ ਕੀਤਾ ਸੀ, ਜਿਸ ਕਾਰਨ ਉਨ੍ਹਾਂ ਵਿਚਕਾਰ ਝਗੜਾ ਹੋ ਗਿਆ ਸੀ | ਇਸ ਦੌਰਾਨ ਤੈਸ਼ 'ਚ ਆਏ ਪਿਤਾ ਹਬੀਬ ਸ਼ਾਹ ਨੇ ਦੋਨੋਂ ਧੀਆਂ 'ਤੇ ਛੁਰੀ ਨਾਲ ਵਾਰ ਕਰਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਜਦਕਿ ਸਭ ਤੋਂ ਛੋਟੀ ਲੜਕੀ ਨੇ ਬਾਥਰੂਮ 'ਚ ਲੁਕ ਕੇ ਆਪਣੀ ਜਾਨ ਬਚਾਈ ਸੀ | ਘਟਨਾ ਸਮੇਂ ਲੜਕੀਆਂ ਦੀ ਮਾਂ ਦੁਕਾਨ 'ਤੇ ਮੌਜੂਦ ਸੀ ਅਤੇ ਜਦੋਂ ਉਹ ਘਰ ਵਾਪਸ ਆਈ ਤਾਂ ਉਸ ਨੇ ਦੇਖਿਆ ਕਿ ਦੋ ਧੀਆਂ ਲਹੂ-ਲੁਹਾਣ ਹਾਲਤ 'ਚ ਜ਼ਮੀਨ 'ਤੇ ਪਈਆਂ ਸਨ | ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਸੀ, ਜਿਥੇ ਡਾਕਟਰਾਂ ਨੇ ਦੋਵਾਂ ਲੜਕੀਆਂ ਨੂੰ ਮਿ੍ਤਕ ਐਲਾਨ ਦਿੱਤਾ ਸੀ | ਇਸ ਮਾਮਲੇ 'ਚ ਅਦਾਲਤ ਨੇ ਵੱਡਾ ਫ਼ੈਸਲਾ ਸੁਣਾਇਆ ਹੈ |