ਚੰਡੀਗੜ੍ਹ, 26 ਸਤੰਬਰ (ਸੰਦੀਪ ਕੁਮਾਰ ਮਾਹਨਾ)ਉੱਤਰੀ ਭਾਰਤ ਦੇ ਰੇਲ ਮੁਸ਼ਾਫ਼ਰਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਚੰਡੀਗੜ੍ਹਉਦੈਪੁਰ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਇਹ ਨਵੀਂ ਸੇਵਾ ਨਾ ਸਿਰਫ਼ ਚੰਡੀਗੜ੍ਹ ਸਗੋਂ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਲਈ ਆਸਾਨ ਯਾਤਰਾ ਦਾ ਸਾਧਨ ਸਾਬਤ ਹੋਵੇਗੀ, ਸਗੋਂ ਰਾਜਸਥਾਨ ਦੇ ਧਾਰਮਿਕ ਤੇ ਸੈਰ-ਸਪਾਟਾ ਸਥਾਨਾਂ ਨਾਲ ਸੰਪਰਕ ਵੀ ਹੋਰ ਮਜ਼ਬੂਤ ਕਰੇਗੀ | ਰਾਜਪਾਲ ਕਟਾਰੀਆ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਰੇਲਵੇ ਖੇਤਰ ਨੂੰ ਆਧੁਨਿਕ ਬਣਾਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ, ਜਿਸ ਨਾਲ ਆਮ ਲੋਕਾਂ ਨੂੰ ਆਰਾਮਦਾਇਕ ਤੇ ਸੁਰੱਖਿਅਤ ਯਾਤਰਾ ਦੇਣ ਵਿਚ ਸਹੂਲਤ ਹੋਵੇਗੀ | ਉਨ੍ਹਾਂ ਨੇ ਕਿਹਾ ਕਿ ਇਹ ਨਵੀਂ ਰੇਲ ਸੇਵਾ ਨਾ ਸਿਰਫ਼ ਯਾਤਰਾ ਲਈ ਸੁਵਿਧਾਜਨਕ ਹੋਵੇਗੀ ਸਗੋਂ ਧਾਰਮਿਕ, ਸੈਰ-ਸਪਾਟੇ ਅਤੇ ਵਪਾਰਕ ਦੌਰਿਆਂ ਲਈ ਵੀ ਮਦਦਗਾਰ ਸਾਬਤ ਹੋਵੇਗੀ | ਇਸ ਰੇਲ ਗੱਡੀ ਦੇ ਚੱਲਣ ਨਾਲ ਚੰਡੀਗੜ੍ਹ, ਅੰਬਾਲਾ, ਕਰਨਾਲ, ਰੇਵਾੜੀ, ਅਲਵਰ, ਜੈਪੁਰ, ਅਜਮੇਰ ਰਾਹੀਂ ਯਾਤਰੀ ਬਿਨਾਂ ਕਿਸੇ ਅਸੁਵਿਧਾ ਦੇ ਸਿੱਧਾ ਉਦੈਪੁਰ ਪਹੁੰਚ ਸਕਣਗੇ | ਰੇਲਵੇ ਅਧਿਕਾਰੀਆਂ ਦੇ ਅਨੁਸਾਰ ਇਸ ਰੂਟ 'ਤੇ ਰੇਲ ਰਾਹੀਂ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਦੀ ਮੰਗ ਕਾਫ਼ੀ ਸਮੇਂ ਤੋਂ ਸੀ, ਜਿਸ ਨੂੰ ਹੁਣ ਪੂਰਾ ਕੀਤਾ ਗਿਆ ਹੈ | ਇਸ ਮੌਕੇ ਚੰਡੀਗੜ੍ਹ ਦੀ ਮੇਅਰ ਹਰਪ੍ਰੀਤ ਕੌਰ ਬਬਲਾ, ਰੇਲਵੇ ਦੇ ਸੀਨੀਅਰ ਅਧਿਕਾਰੀ, ਲੋਕ ਪ੍ਰਤਿਨਿਧੀ ਅਤੇ ਵੱਡੀ ਗਿਣਤੀ 'ਚ ਰੇਲ 'ਚ ਸਫ਼ਰ ਕਰਨ ਵਾਲੇ ਮੁਸਾਫ਼ਰ ਵੀ ਮੌਜੂਦ ਸਨ | ਰਵਾਨਗੀ ਸਮੇਂ ਯਾਤਰੀਆਂ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਗੱਡੀ ਚਲਣ ਨਾਲ ਉਨ੍ਹਾਂ ਨੂੰ ਰੋਜ਼ਾਨਾ ਸਫ਼ਰ ਕਰਨ 'ਚ ਵੱਡੀ ਸਹੂਲਤ ਮਿਲੇਗੀ | ਇਸ ਨਵੀਂ ਰੇਲ ਸੇਵਾ ਨਾਲ ਉੱਤਰੀ ਭਾਰਤ ਤੋਂ ਰਾਜਸਥਾਨ ਦੇ ਪ੍ਰਸਿੱਧ ਸੈਲਾਨੀ ਸਥਾਨਾਂ ਲਈ ਸਿੱਧੀ ਅਤੇ ਆਸਾਨ ਪਹੁੰਚ ਯਕੀਨੀ ਬਣੇਗੀ |