ਡੇਰਾਬੱਸੀ, 2 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਅੰਬਾਲਾ-ਚੰਡੀਗੜ੍ਹ ਹਾਈਵੇ 'ਤੇ ਚਲਦੀ ਕਾਰ ਦੀ ਸਨਰੂਫ ਤੋਂ ਬਾਹਰ ਨਿਕਲ ਕੇ ਹੁੱਲੜਬਾਜ਼ੀ ਕਰਨਾ ਇਕ ਜੋੜੇ ਨੂੰ ਮਹਿੰਗਾ ਪੈ ਗਿਆ | ਡੇਰਾਬੱਸੀ ਟ੍ਰੈਫਿਕ ਪੁਲਿਸ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਕਾਰ ਮਾਲਕ ਨੂੰ ਆਨਲਾਈਨ 7000 ਦਾ ਚਾਲਾਨ ਭੇਜ ਦਿੱਤਾ ਹੈ | ਇਹ ਪਹਿਲਾ ਮੌਕਾ ਹੈ, ਜਦੋਂ ਸਨਰੂਫ ਤੋਂ ਬਾਹਰ ਨਿਕਲ ਹੁੱਲੜਬਾਜ਼ੀ ਕਰਨ 'ਤੇ ਟ੍ਰੈਫਿਕ ਚਾਲਾਨ ਜਾਰੀ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਕੁਝ ਨੌਜਵਾਨ ਤੇ ਕੁੜੀਆਂ ਚੰਡੀਗੜ੍ਹ ਤੋਂ ਅੰਬਾਲਾ ਵੱਲ ਜਾ ਰਹੇ ਸਨ | ਰਸਤੇ 'ਚ ਕਾਰ ਦੀ ਖੁੱਲ੍ਹੀ ਸਨਰੂਫ ਤੋਂ ਇਕ ਨੌਜਵਾਨ ਤੇ ਇਕ ਕੁੜੀ ਬਾਹਰ ਨਿਕਲ ਕੇ ਹੂਟਿੰਗ ਤੇ ਹੱੁਲੜਬਾਜ਼ੀ ਕਰ ਰਹੇ ਸਨ | ਇਸ ਸੰਬੰਧੀ ਵਾਇਰਲ ਵੀਡੀਓ 'ਚ ਦੋਵਾਂ ਨੂੰ ਕਈ ਵਾਰ ਸਨਰੂਫ ਤੋਂ ਇਕੱਠੇ ਬਾਹਰ ਨਿਕਲ ਕੇ ਹੰਗਾਮਾ ਕਰਦੇ ਹੋਏ ਦੇਖਿਆ ਗਿਆ | ਇਸ ਸੰਬੰਧੀ ਡੇਰਾਬੱਸੀ ਟ੍ਰੈਫਿਕ ਇੰਚਾਰਜ ਅੰਗਰੇਜ਼ ਸਿੰਘ ਨੇ ਦੱਸਿਆ ਕਿ ਕਿਸੇ ਰਾਹਗੀਰ ਨੇ ਇਹ ਵੀਡੀਓ ਬਣਾ ਕੇ ਉਨ੍ਹਾਂ ਨੂੰ ਭੇਜੀ ਸੀ ਅਤੇ ਜਦੋਂ ਤੱਕ ਟੀਮ ਮੌਕੇ 'ਤੇ ਪਹੁੰਚੀ ਤਾਂ ਕਾਰ ਫਲਾਈਓਵਰ ਤੋਂ ਅੱਗੇ ਨਿਕਲ ਚੁੱਕੀ ਸੀ ਤੇ ਤੇਜ਼ ਰਫ਼ਤਾਰ ਨਾਲ ਅੰਬਾਲਾ ਵੱਲ ਵੱਧ ਗਈ ਸੀ | ਉਨ੍ਹਾਂ ਕਿਹਾ ਕਿ ਚੱਲਦੀ ਤੇਜ਼ ਕਾਰ 'ਚ ਸਨਰੂਫ ਤੋਂ ਬਾਹਰ ਨਿਕਲਣਾ ਖ਼ਤਰਨਾਕ ਹੈ, ਜਦ ਕਿ ਹੁੱਲੜਬਾਜ਼ੀ ਕਰਨਾ ਇਸ ਤੋਂ ਵੀ ਵੱਧ ਜੋਖ਼ਮ ਭਰਿਆ ਕੰਮ ਹੈ | ਇਸ ਤਰ੍ਹਾਂ ਦੀ ਹਰਕਤ ਨਾਲ ਨਾ ਸਿਰਫ਼ ਕਾਰ ਸਵਾਰਾਂ ਦੀ ਜਾਨ ਨੂੰ ਖ਼ਤਰਾ ਹੁੰਦਾ ਹੈ, ਬਲਕਿ ਸੜਕ 'ਤੇ ਹੋਰ ਵਾਹਨਾਂ ਦੀ ਡਰਾਇਵਰਾਂ ਦਾ ਧਿਆਨ ਭਟਕਣ ਨਾਲ ਹਾਦਸਾ ਹੋਣ ਦਾ ਖਤਰਾ ਬਣ ਜਾਂਦਾ ਹੈ | ਪੁਲਿਸ ਨੇ ਮੋਟਰ ਵਹੀਕਲ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਹੁੱਲੜਬਾਜ਼ੀ ਲਈ 5000 ਤੇ ਖ਼ਤਰਨਾਕ ਡਰਾਈਵਿੰਗ ਲਈ 2000 ਦਾ ਚਾਲਾਨ ਜਾਰੀ ਕਰਕੇ ਕਾਰ ਮਾਲਕ ਨੂੰ ਭੇਜ ਦਿੱਤਾ ਹੈ | ਹਾਲਾਂਕਿ ਲਾਲੜੂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਸੀ ਕਿ ਕਾਰ ਨੂੰ ਰੋਕਿਆ ਜਾਵੇ, ਪਰ ਉਹ ਨਾਕੇ 'ਤੇ ਨਾ ਰੁਕਦੇ ਹੋਏ ਤੇਜ਼ੀ ਨਾਲ ਅੰਬਾਲਾ ਵੱਲ ਨਿਕਲ ਗਏ |