ਕੁਰਾਲੀ, 3 ਨਵੰਬਰ (ਬਿੱਲਾ ਅਕਾਲਗੜ੍ਹੀਆ/ਹਰਪ੍ਰੀਤ ਸਿੰਘ)-ਸਥਾਨਕ ਸ਼ਹਿਰ ਦੇ ਗੁਰਦੁਆਰਾ ਸ੍ਰੀ ਹਰਿਗੋਬਿੰਦਗੜ੍ਹ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਹਿਰ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਨਗਰ ਕੀਰਤਨ ਸਜਾਇਆ | ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਏ ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਸਜਾਇਆ ਗਿਆ | ਗੁਰਦੁਆਰਾ ਸਾਹਿਬ ਦੇ ਪ੍ਰਧਾਨ ਪਿ੍ੰਸੀਪਲ ਸਵਰਨ ਸਿੰਘ ਦੀ ਦੇਖ-ਰੇਖ ਹੇਠ ਸਜਾਏ ਗਏ ਇਸ ਨਗਰ ਕੀਰਤਨ ਦੌਰਾਨ ਜਿਥੇ ਗਤਕਾ ਪਾਰਟੀਆਂ ਵਲੋਂ ਗਤਕੇ ਦੇ ਜੌਹਰ ਦਿਖਾਏ ਗਏ, ਉਥੇ ਹੀ ਵੱਖ-ਵੱਖ ਰਾਗੀ ਅਤੇ ਢਾਡੀ ਜਥਿਆਂ ਵਲੋਂ ਇਲਾਹੀ ਗੁਰਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਨਗਰ ਕੀਰਤਨ ਗੁਰਦੁਆਰਾ ਹਰਿਗੋਬਿੰਦਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਮੋਰਿੰਡਾ ਰੋਡ, ਸਬਜੀ ਮੰਡੀ ਚੌਕ, ਗੁਰਦੁਆਰਾ ਗੁਰੂ ਅਰਜਨ ਦੇਵ ਕੀਰਤਨ ਅਸਥਾਨ, ਮੇਨ ਬਾਜ਼ਾਰ, ਕਿ੍ਸ਼ਨਾ ਮੰਡੀ, ਪੁਰਾਣੀ ਅਨਾਜ ਮੰਡੀ, ਰੇਲਵੇ ਰੋਡ, ਰੋਪੜ ਰੋਡ, ਮੁੱਖ ਬੱਸ ਅੱਡਾ ਚੌਕ ਹੁੰਦਾ ਹੋਇਆ ਮੁੜ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ | ਨਗਰ ਕੀਰਤਨ ਦਾ ਸ਼ਹਿਰ ਦੀਆਂ ਵੱਖ-ਵੱਖ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਨਾਲ-ਨਾਲ ਸ਼ਹਿਰ ਤੇ ਦੁਕਾਨਦਾਰਾਂ ਵਲੋਂ ਵੀ ਥਾਂ-ਥਾਂ 'ਤੇ ਭਰਵਾਂ ਸਵਾਗਤ ਕੀਤਾ | ਨਗਰ ਕੀਰਤਨ ਦੌਰਾਨ ਰਣਜੀਤ ਸਿੰਘ ਜੀਤੀ ਪ੍ਰਧਾਨ ਨਗਰ ਕੌਂਸਲ ਕੁਰਾਲੀ, ਸਾਹਿਬ ਸਿੰਘ ਬਡਾਲੀ, ਮੇਜਰ ਸਿੰਘ ਸੰਗਤਪੁਰਾ, ਜਥੇਦਾਰ ਮਨਜੀਤ ਸਿੰਘ ਮੁੰਧੋ, ਰਵਿੰਦਰ ਸਿੰਘ ਖੇੜਾ, ਅਰਵਿੰਦਰ ਸਿੰਘ ਪੈਂਟਾ, ਰਜਿੰਦਰ ਸਿੰਘ ਰਾਜਾ ਨਨਹੇੜੀਆਂ, ਸੁਖਜਿੰਦਰਜੀਤ ਸਿੰਘ ਸੋਢੀ, ਤਜਿੰਦਰ ਸਿੰਘ ਵੀਰ ਜੀ, ਹਰਮਿੰਦਰ ਸਿੰਘ ਕਾਲਾ, ਪਾਲ ਸਿੰਘ ਕੁਰਾਲੀ, ਅਮਰੀਕ ਸਿੰਘ ਬੰਗੜ, ਸੁਰਿੰਦਰ ਸਿੰਘ ਖਾਲਸਾ, ਬੇਅੰਤ ਸਿੰਘ ਟੋਨੀ, ਸੁਮੀਤ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ | ਨਗਰ ਕੀਰਤਨ ਦੌਰਾਨ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਵੀ ਹਿੱਸਾ ਲਿਆ ਤੇ ਸ਼ਬਦ ਗਾਇਨ ਕੀਤੇ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਹਿਰ ਦੀਆਂ ਵੱਖ-ਵੱਖ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੂੰ ਸਨਮਾਨਿਤ ਵੀ ਕੀਤਾ |