ਐੱਸ. ਏ. ਐੱਸ. ਨਗਰ, 5 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਕਿਸਾਨ ਮਜ਼ਦੂਰ ਮੋਰਚਾ ਤੇ ਉਨ੍ਹਾਂ ਦੀਆਂ ਸਹਿਯੋਗੀ ਕਿਸਾਨ ਜਥੇਬੰਦੀਆਂ ਵਲੋਂ ਆਪਣੀਆਂ ਮੰਗਾਂ ਦੇ ਹੱਕ 'ਚ ਦੋ ਘੰਟਿਆਂ ਲਈ ਪੰਜਾਬ ਭਰ ਵਿਚ 'ਰੇਲ ਰੋਕੋ ਅੰਦੋਲਨ' ਦੇ ਦਿੱਤੇ ਗਏ ਸੱਦੇ ਨੂੰ ਠੁੱਸ ਕਰਨ ਦੇ ਮੰਤਵ ਨਾਲ ਅੱਜ ਸਵੇਰੇ 9.30 ਵਜੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਬੜੀ ਨੂੰ ਉਨ੍ਹਾਂ ਦੇ ਘਰੋਂ ਪਿੰਡ ਬੜੀ ਤੋਂ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ | ਇਸ ਮਗਰੋਂ ਉਨ੍ਹਾਂ ਨੂੰ ਥਾਣਾ ਆਈ. ਟੀ. ਸਿਟੀ ਵਿਖੇ ਲਿਆਂਦਾ ਗਿਆ, ਜਿਥੋਂ ਬਾਅਦ ਉਨ੍ਹਾਂ ਨੂੰ ਬਾਅਦ ਦੁਪਹਿਰ 3.30 ਵਜੇ ਦੇ ਕਰੀਬ ਛੱਡਿਆ ਗਿਆ | ਇਸ ਮੌਕੇ ਗੁਰਪ੍ਰਤਾਪ ਸਿੰਘ ਬੜੀ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਆਪਣੇ ਆਪ ਨੂੰ ਕਿਸਾਨਾਂ ਦੀ ਹਿਤੈਸ਼ੀ ਅਖਵਾਉਣ ਵਾਲੀ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਅੱਜ ਸਭ ਦੇ ਸਾਹਮਣੇ ਨੰਗਾ ਹੋ ਚੁੱਕਾ ਹੈ, ਜਦੋਂ ਉਨ੍ਹਾਂ ਨੂੰ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਤੋਂ ਵੀ ਰੋਕਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਥੇਬੰਦੀ ਦਾ ਮੁਹਾਲੀ ਵਿਖੇ ਰੇਲਾਂ ਰੋਕਣ ਦਾ ਕੋਈ ਪ੍ਰੋਗਰਾਮ ਹੀ ਨਹੀਂ ਸੀ ਤੇ ਉਨ੍ਹਾਂ ਆਪਣੇ ਸਾਥੀਆਂ ਸਮੇਤ ਸ਼ੰਭੂ ਵਿਖੇ ਜਾ ਕੇ ਰੇਲਾਂ ਰੋਕਣੀਆਂ ਸਨ | ਇਸੇ ਤਰ੍ਹਾਂ ਪੁਲਿਸ ਨੇ ਸੰਬੰਧਤ ਜਥੇਬੰਦੀ ਦੇ ਪੁਆਧ ਖੇਤਰ ਦੇ ਪ੍ਰਧਾਨ ਮੱਖਣ ਸਿੰਘ ਫ਼ੌਜੀ ਗੀਗੇਮਾਜਰਾ ਦੇ ਘਰ ਵੀ ਛਾਪੇਮਾਰੀ ਕੀਤੀ, ਪਰ ਉਹ ਭਿਣਕ ਪੈਣ 'ਤੇ ਪਹਿਲਾਂ ਹੀ ਘਰੋਂ ਬਾਹਰ ਚਲੇ ਗਏ | ਕਿਸਾਨ ਆਗੂਆਂ ਨੇ ਪੁਲਿਸ ਦੀ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਜਥੇਬੰਦੀਆਂ ਵਲੋਂ ਦਿੱਤੇ ਜਾਣ ਵਾਲੇ ਅਗਲੇ ਪ੍ਰੋਗਰਾਮ ਲਈ ਲਾਮਬੰਦੀ ਕਰਨ ਦਾ ਐਲਾਨ ਕੀਤਾ ਹੈ |