ਚੰਡੀਗੜ੍ਹ, 19 ਦਸੰਬਰ (ਸੰਦੀਪ ਕੁਮਾਰ ਮਾਹਨਾ)ਆਮ ਲੋਕਾਂ ਨੂੰ ਬਿਜਲੀ ਕੁਨੈਕਸ਼ਨ ਲੈਣ ਵਾਸਤੇ ਦਫ਼ਤਰੀ ਕਾਰਵਾਈਆਂ ਤੋਂ ਰਾਹਤ ਦਿਵਾਉਂਦੇ ਹੋਏ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (ਸੀ. ਪੀ. ਡੀ. ਐਲ.) ਵਲੋਂ ਸੈਕਟਰ 25 ਵੈਸਟ ਦੀ ਰੀਹੈਬਲੀਟੇਸ਼ਨ ਕਾਲੋਨੀ ਵਿਖੇ ਨਵੇਂ ਬਿਜਲੀ ਕੁਨੈਕਸ਼ਨ ਲਈ ਵਿਸ਼ੇਸ਼ ਕੈਂਪ ਲਗਾਇਆ | ਇਸ ਪਹਿਲੇ ਕੈਂਪ 'ਚ ਰਿਹਾਇਸ਼ੀ ਤੇ ਵਪਾਰਕ ਇਕਾਈਆਂ ਵਲੋਂ 88 ਨਵੀਆਂ ਅਰਜ਼ੀਆਂ ਦਰਜ ਕਰਵਾਈਆਂ ਗਈਆਂ, ਜਿਸ ਨਾਲ ਲੋਕਾਂ ਦੇ ਭਰੋਸੇ ਤੇ ਸਹਿਯੋਗ ਦਾ ਪ੍ਰਗਟਾਵਾ ਹੋਇਆ | ਕੈਂਪ ਦੌਰਾਨ ਸੀ. ਪੀ. ਡੀ. ਐਲ. ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਅਰਜ਼ੀਕਾਰਾਂ ਨੂੰ ਮੌਕੇ 'ਤੇ ਹੀ ਦਸਤਾਵੇਜ਼ਾਂ ਦੀ ਜਾਂਚ, ਫ਼ਾਰਮ ਭਰਨ ਤੇ ਅਰਜ਼ੀ ਪ੍ਰਕਿਰਿਆ ਬਾਰੇ ਪੂਰੀ ਜਾਣਕਾਰੀ ਦਿੱਤੀ | ਖਪਤਕਾਰਾਂ ਨੂੰ ਕਦਮ-ਦਰ-ਕਦਮ ਮਾਰਗਦਰਸ਼ਨ ਦੇ ਕੇ ਪ੍ਰਕਿਰਿਆ ਨੂੰ ਸਰਲ ਅਤੇ ਤੇਜ਼ ਬਣਾਇਆ ਗਿਆ, ਜਿਸ ਨਾਲ ਉਨ੍ਹਾਂ ਨੂੰ ਦਫ਼ਤਰਾਂ ਦੇ ਚੱਕਰ ਲਗਾਉਣ ਤੋਂ ਬਚਾਇਆ ਜਾ ਸਕਿਆ | ਸੀ. ਪੀ. ਡੀ. ਐਲ. ਦੇ ਡਾਇਰੈਕਟਰ ਅਰੁਣ ਕੁਮਾਰ ਵਰਮਾ ਨੇ ਕਿਹਾ ਕਿ ਖਪਤਕਾਰਾਂ ਦੀ ਸਹੂਲਤ ਤੇ ਸੇਵਾ ਦੀ ਗੁਣਵੱਤਾ ਕੰਪਨੀ ਦੀ ਪ੍ਰਮੁੱਖ ਤਰਜੀਹ ਹੈ | ਉਨ੍ਹਾਂ ਦੱਸਿਆ ਕਿ ਨਵੇਂ ਬਿਜਲੀ ਕੁਨੈਕਸ਼ਨ ਕੈਂਪਾਂ ਰਾਹੀਂ ਲੋਕਾਂ ਨੂੰ ਸਿੱਧੀ ਪਹੁੰਚ ਦੇ ਕੇ ਬਿਜਲੀ ਕੁਨੈਕਸ਼ਨ ਆਸਾਨ, ਪਾਰਦਰਸ਼ੀ ਤੇ ਸਮੇਂ-ਸਿਰ ਮੁਹੱਈਆ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ | ਉਨ੍ਹਾਂ ਅਨੁਸਾਰ, ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਨਾਲ ਸਮੱਸਿਆਵਾਂ ਦਾ ਤੁਰੰਤ ਹੱਲ ਅਤੇ ਬਿਹਤਰ ਖਪਤਕਾਰ ਅਨੁਭਵ ਯਕੀਨੀ ਬਣਦਾ ਹੈ | ਕੰਪਨੀ ਵਲੋਂ ਅਧਿਕਾਰਤ ਬਿਜਲੀ ਕੁਨੈਕਸ਼ਨਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਗ਼ੈਰਕਾਨੂੰਨੀ ਕੁਨੈਕਸ਼ਨਾਂ ਵਿਰੁੱਧ ਵੀ ਸਖ਼ਤ ਰੁਖ ਅਪਣਾਇਆ ਜਾ ਰਿਹਾ ਹੈ ਤਾਂ ਜੋ ਬਿਜਲੀ ਸਪਲਾਈ ਦੀ ਸੁਰੱਖਿਆ, ਨਿਯਮਾਂ ਦੀ ਪਾਲਣਾ ਤੇ ਨੈੱਟਵਰਕ ਦੀ ਭਰੋਸੇਯੋਗਤਾ ਬਣੀ ਰਹੇ | ਸੀ. ਪੀ. ਡੀ. ਐਲ. ਨੇ ਸਪੱਸ਼ਟ ਕੀਤਾ ਕਿ ਭਵਿੱਖ 'ਚ ਚੰਡੀਗੜ੍ਹ ਦੇ ਹੋਰ ਖੇਤਰਾਂ 'ਚ ਵੀ ਇਸ ਤਰ੍ਹਾਂ ਦੇ ਨਵੇਂ ਬਿਜਲੀ ਕੁਨੈਕਸ਼ਨ ਕੈਂਪ ਲਗਾਏ ਜਾਣਗੇ | ਕੰਪਨੀ ਸ਼ਹਿਰ ਦੀਆਂ ਵਧਦੀਆਂ ਰਿਹਾਇਸ਼ੀ ਤੇ ਵਪਾਰਕ ਬਿਜਲੀ ਲੋੜਾਂ ਨੂੰ ਧਿਆਨ 'ਚ ਰੱਖਦੇ ਹੋਏ ਖਪਤਕਾਰ-ਕੇਂਦਿ੍ਤ ਪਹਿਲਕਦਮੀਆਂ ਰਾਹੀਂ ਨਿਰਵਿਘਨ ਅਤੇ ਭਰੋਸੇਮੰਦ ਬਿਜਲੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ |