ਚੰਡੀਗੜ੍ਹ, 19 ਦਸੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਦੇ ਸੈਕਟਰ-33 ਵਿਖੇ ਗੁਲਦਾਊਦੀ ਮੇਲੇ 'ਚ ਦਰਸ਼ਕਾਂ ਵਲੋਂ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ | ਅੱਜ ਧੁੰਦ ਭਰੇ ਤੇ ਠੰਢ ਮੌਸਮ ਦੇ ਦਰਮਿਆਨ ਹਰ ਵਰਗ ਦੇ ਲੋਕਾਂ ਨੇ ਮੇਲੇ 'ਚ ਖ਼ੂਬ ਰੌਣਕਾਂ ਲਾਈਆ, ਖ਼ਾਸ ਕਰਕੇ ਛੋਟੇ-ਛੋਟੇ ਬੱਚਿਆਂ ਲਈ ਲਗਾਏ ਝੂਟੇ ਲਾਉਣ ਦੇ ਨਾਲ-ਨਾਲ ਮਿੱਕੀ ਮਾਊਸ ਪ੍ਰਤੀ ਵੀ ਵਧੇਰੇ ਆਕਰਸ਼ਕ ਰਹੇ | ਚੰਡੀਗੜ੍ਹ ਦੇ ਟੈਰੇਸਡ ਗਾਰਡਨ ਵਿਖੇ ਜ਼ੀਰੋ ਵੇਸਟ 38ਵੇਂ ਕ੍ਰਾਈਸੈਂਥੇਮਮ ਸ਼ੋਅ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵਲੋਂ ਕੀਤਾ ਗਿਆ | ਤਿੰਨ ਦਿਨਾਂ ਫੁੱਲਾਂ ਦਾ ਸ਼ੋਅ ਅੱਜ ਸ਼ੁਰੂ ਹੋਇਆ ਅਤੇ 21 ਦਸੰਬਰ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਰੋਜ਼ਾਨਾ ਜਾਰੀ ਰਹੇਗਾ | ਉਦਘਾਟਨੀ ਰਸਮਾਂ ਮੌਕੇ ਪੰਜਾਬ ਰਾਜਪਾਲ ਅਤੇ ਯੂ. ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ, ਗੁਲਾਬ ਚੰਦ ਕਟਾਰੀਆ ਨੇ ਮਹਿਲਾ ਰਾਜਪਾਲ ਅਨੀਤਾ ਕਟਾਰੀਆ, ਮੇਅਰ ਹਰਪ੍ਰੀਤ ਕੌਰ ਬਬਲਾ, ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ, ਆਈ. ਏ. ਐਸ. ਵੀ. ਪੀ. ਸਿੰਘ, ਆਈ. ਏ. ਐਸ., ਰਾਜਪਾਲ ਦੇ ਪ੍ਰਮੁੱਖ ਸਕੱਤਰ, ਗ੍ਰਹਿ ਸਕੱਤਰ-ਕਮ-ਸਕੱਤਰ ਸਥਾਨਕ ਸਰਕਾਰ ਸ੍ਰੀ ਦੀ ਹਾਜ਼ਰੀ 'ਚ ਨਿਭਾਈਆਂ ਗਈਆਂ | ਮਨਦੀਪ ਸਿੰਘ ਬਰਾੜ, ਆਈ. ਏ. ਐਸ., ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ, ਆਈ. ਏ. ਐਸ., ਖੇਤਰ ਕੌਂਸਲਰ ਸ੍ਰੀਮਤੀ ਅੰਜੂ ਕਤਿਆਲ, ਹੋਰ ਕੌਂਸਲਰ, ਨਗਰ ਨਿਗਮ ਦੇ ਸੀਨੀਅਰ ਅਧਿਕਾਰੀ ਤੇ ਪ੍ਰਮੁੱਖ ਨਾਗਰਿਕ ਨੇ ਇਸ ਅਵਸਰ 'ਤੇ ਸ਼ਮੂਲੀਅਤ ਕੀਤੀ | ਵਾਤਾਵਰਨ ਸੰਭਾਲ 'ਤੇ ਜ਼ੋਰ ਦਿੰਦੇ ਹੋਏ ਰਾਜਪਾਲ ਨੇ ਸ਼ਹਿਰੀ ਸੁੰਦਰਤਾ, ਮਾਨਸਿਕ ਤੰਦਰੁਸਤੀ ਤੇ ਵਾਤਾਵਰਨ ਸੰਤੁਲਨ ਨੂੰ ਵਧਾਉਣ ਵਿਚ ਫੁੱਲਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਰਾਜਪਾਲ ਨੇ ਬੱਚਿਆਂ ਦੁਆਰਾ ਰੰਗੀਨ ਸੱਭਿਆਚਾਰਕ ਨਾਚ ਪੇਸ਼ਕਾਰੀਆਂ ਦੀ ਵੀ ਸ਼ਲਾਘਾ ਕੀਤੀ | ਰਾਜਪਾਲ ਨੇ ਟੈਰੇਸਡ ਗਾਰਡਨ 'ਚ ਸ਼ਹੀਦਾਂ ਦੇ ਥੰਮ੍ਹ 'ਤੇ ਫੁੱਲ ਭੇਟ ਕੀਤੇ ਤੇ ਗੁਲਦਾਊਦੀ ਸ਼ੋਅ ਦੇ ਕਲਾਤਮਕ ਤੌਰ 'ਤੇ ਡਿਜ਼ਾਈਨ ਕੀਤੇ ਬਰੋਸ਼ਰ ਨੇ ਵੀ ਜਾਰੀ ਕੀਤਾ | ਇਸ ਮੌਕੇ ਬਾਗ਼ਬਾਨੀ ਵਿਭਾਗ ਦੇ ਮਾਲੀਆਂ ਸ਼ਹਿਰ ਦੇ ਪਾਰਕਾਂ ਦੀ ਸੁੰਦਰਤਾ ਦੇ ਪਿੱਛੇ ਅਣਗੌਲੇ ਨਾਇਕਾਂ ਨੂੰ ਉਨ੍ਹਾਂ ਦੇ ਸਮਰਪਣ ਤੇ ਅਣਥੱਕ ਯਤਨਾਂ ਲਈ ਸਨਮਾਨਿਤ ਕੀਤਾ | ਮੇਅਰ ਹਰਪ੍ਰੀਤ ਕੌਰ ਬਬਲਾ ਨੇ ਸਮਾਰੋਹ ਨੂੰ ਜੀਵੰਤ, ਰੰਗੀਨ ਅਤੇ ਨਾਗਰਿਕ-ਅਨੁਕੂਲ ਬਣਾਉਣ ਲਈ ਮਾਲੀਆਂ ਅਤੇ ਅਧਿਕਾਰੀਆਂ ਦੇ ਸਮੂਹਿਕ ਯਤਨਾਂ ਦੀ ਸ਼ਲਾਘਾ ਕੀਤੀ | ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ, ਆਈ. ਏ. ਐਸ. ਨੇ ਦੱਸਿਆ ਕਿ ਇਸ ਸਾਲ ਗੁਲਦਾਊਦੀ ਦੀਆਂ 260 ਤੋਂ ਵੱਧ ਕਿਸਮਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ, ਸਾਰੀਆਂ ਐਮ. ਸੀ. ਸੀ. ਨਰਸਰੀਆਂ ਵਿਚ ਉਗਾਈਆਂ ਅਤੇ ਪਾਲੀਆਂ ਗਈਆਂ ਹਨ | ਬਾਗ਼ਬਾਨੀ ਵਿਭਾਗ ਦੇ ਮਾਲੀਆਂ ਨੇ ਫੁੱਲਾਂ ਦੀ ਵਰਤੋਂ ਕਰਦੇ ਹੋਏ ਕਿਸ਼ਤੀਆਂ, ਊਠ, ਮੋਰ, ਗਾਵਾਂ, ਜਿਰਾਫ, ਸ਼ੇਰ ਅਤੇ ਕਈ ਹੋਰ ਜਾਨਵਰਾਂ ਅਤੇ ਪੰਛੀਆਂ ਦੇ ਮਾਡਲ ਰਚਨਾਤਮਕ ਤੌਰ 'ਤੇ ਡਿਜ਼ਾਈਨ ਕੀਤੇ ਹਨ, ਜੋ ਚੰਡੀਗੜ੍ਹ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਦਾਨ ਕਰਦੇ ਹਨ | ਮੇਲੇ ਦੌਰਾਨ ਉੱਘੀ ਸਿਤਾਰਵਾਦਕ ਰਜਨੀ ਸ਼ਰਮਾ ਤੇ ਚੰਡੀਗੜ੍ਹ 'ਚ ਆਪਣੀ ਕਲਾਕ੍ਰਿਤਾਂ ਨਾਲ ਚੰਗਾ ਨਾਮ ਖੱਟਣ ਵਾਲੀ ਪੂਨਮ ਮੋਰੀਆ ਦਾ ਕਹਿਣਾ ਸੀ ਕਿ ਅਜਿਹੇ ਫ਼ੈਸਟੀਵਲ ਲੋਕਾਂ 'ਚ ਆਪਣੇ ਮੇਲ-ਜੋਲ, ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦੇਣ 'ਚ ਵੀ ਅਹਿਮ ਭੂਮਿਕਾ ਅਦਾ ਕਰਦੇ ਹਨ |