ਚੰਡੀਗੜ੍ਹ, 19 ਦਸੰਬਰ (ਵਿਕਰਮਜੀਤ ਸਿੰਘ ਮਾਨ)- ਹਰਿਆਣਾ ਦੇ ਸੀਨੀਅਰ ਕਾਂਗਰਸੀ ਨੇਤਾ ਅਤੇ ਮੈਂਬਰ ਰਾਜ ਸਭ ਰਣਦੀਪ ਸੂਰਜੇਵਾਲਾ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਵਿਚਲੀ ਮੋਦੀ ਸਰਕਾਰ ਦੀ 'ਬਦਲਾਖੋਰੀ ਅਤੇ ਨਫ਼ਰਤ ਦੀ ਰਾਜਨੀਤੀ' 16 ਦਸੰਬਰ ਨੂੰ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ, ਜਦੋਂ ਵਿਸ਼ੇਸ਼ ਜੱਜ, ਐਮ.ਪੀ/ਐਮ.ਐਲ.ਏ ਕੇਸ, ਨਵੀਂ ਦਿੱਲੀ ਨੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵਿਰੁੱਧ ਈ.ਡੀ. ਦੇ ਕੇਸ ਨੂੰ ਖਾਰਜ ਕਰ ਦਿੱਤਾ | ਇਸ ਨਾਲ, ਭਾਜਪਾ ਦੇ ਹੱਥਾਂ ਦੀ ਕਠਪੁਤਲੀ ਬਣੀ ਈ.ਡੀ ਨੂੰ ਵੀ ਢੁਕਵਾਂ ਜਵਾਬ ਮਿਲਿਆ ਹੈ | ਉਨ੍ਹਾਂ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਨੇ 1937 ਵਿਚ ਬਿ੍ਟਿਸ਼ ਸ਼ਾਸਨ ਨੂੰ ਜੜ੍ਹੋਂ ਪੁੱਟਣ ਲਈ 'ਨੈਸ਼ਨਲ ਹੈਰਾਲਡ' ਅਖਬਾਰ ਸ਼ੁਰੂ ਕੀਤਾ ਸੀ | ਇਸ ਦਾ ਇਕ ਹਿੰਦੀ ਐਡੀਸ਼ਨ, 'ਨਵਜੀਵਨ' ਅਤੇ ਇਕ ਉਰਦੂ ਐਡੀਸ਼ਨ, 'ਕੌਮੀ ਆਵਾਜ਼' ਸੀ | ਅੰਗਰੇਜ਼ ਇਸ ਅਖ਼ਬਾਰ ਤੋਂ ਇੰਨਾ ਡਰੇ ਹੋਏ ਸਨ ਕਿ ਉਨ੍ਹਾਂ ਨੇ 1942 ਵਿਚ ਭਾਰਤ ਛੱਡੋ ਅੰਦੋਲਨ ਦੌਰਾਨ ਨੈਸ਼ਨਲ ਹੈਰਾਲਡ 'ਤੇ ਪਾਬੰਦੀ ਲਗਾ ਦਿੱਤੀ, ਇਹ ਪਾਬੰਦੀ 1945 ਤੱਕ ਰਹੀ ਅਤੇ ਹੁਣ ਵੀ ਭਾਜਪਾ ਸਰਕਾਰ ਇਸਤੋਂ ਡਰਕੇ ਬਦਲੇ ਦੀ ਭਾਵਨਾ ਨਾਲ ਏਜੰਸੀਆਂ ਦੀ ਦੂਰ ਵਰਤੋਂ ਕਰ ਰਹੀ ਹੈ ਪਰ 'ਨੈਸ਼ਨਲ ਹੈਰਾਲਡ' ਆਜ਼ਾਦੀ ਸੰਗਰਾਮ ਦਾ ਪ੍ਰਤੀਕ ਹੈ, ਇਸਦੀ ਆਵਾਜ਼ ਨੂੰ ਨਾ ਤਾਂ ਦਬਾਇਆ ਜਾ ਸਕਦਾ ਨਾ ਝੁਕਾਇਆ ਜਾ ਸਕਦਾ ਹੈ |