ਚੰਡੀਗੜ੍ਹ, 19 ਦਸੰਬਰ (ਕਪਿਲ ਵਧਵਾ)-ਸੈਕਟਰ-38 (ਬੀ) ਨਿਵਾਸੀ ਵਿਕਾਸ ਕੌਸ਼ਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਦੇ ਪਿਤਾ ਵਿਜੈ ਕੁਮਾਰ ਇਸ ਸਾਇਬਰ ਫਰਾਡ ਦਾ ਸ਼ਿਕਾਰ ਹੋ ਗਏ ਹਨ | ਵਿਕਾਸ ਦੇ ਅਨੁਸਾਰ ਅਗਸਤ 2025 'ਚ ਉਨ੍ਹਾਂ ਦੇ ਪਿਤਾ ਦੇ ਮੋਬਾਈਲ ਫ਼ੋਨ 'ਤੇ ਇਕ ਵਾਟਸਐਪ ਮੈਸੇਜ ਆਇਆ ਸੀ | ਇਹ ਮੈਸੇਜ ਇਕ ਮਹਿਲਾ ਵਲੋਂ ਭੇਜਿਆ ਗਿਆ, ਜਿਸ ਨੇ ਆਪਣਾ ਨਾਂਅ ਤੁਲਨਾ ਹਿਨਾ ਦੱਸਿਆ | ਸ਼ਿਕਾਇਤ ਅਨੁਸਾਰ ਮੈਸੇਜ 'ਚ ਇਕ 'ਇਨਵੈਸਟਮੈਂਟ ਪਲਾਨ' ਵਿਚ ਸ਼ਾਮਿਲ ਹੋਣ ਦੀ ਪੇਸ਼ਕਸ਼ ਕੀਤੀ ਗਈ, ਜਿਸ ਨੂੰ 'ਐੱਸ. ਬੀ. ਆਈ. ਸਿਕਿਉਰਿਟੀ ਅਪਰੂਵਡ ਸਕੀਮ' ਅਤੇ ਸੇਬੀ ਤੋਂ ਮਨਜ਼ੂਰ ਦੱਸਿਆ | ਤੁਲਨਾ ਹਿਨਾ ਨੇ ਦਾਅਵਾ ਕੀਤਾ ਕਿ ਉਹ ਵਿਜੈ ਕੁਮਾਰ ਦੀ ਗੱਲ ਐੱਸ. ਬੀ. ਆਈ. ਦੇ ਸੀ. ਈ. ਓ. ਸੁਰੇਸ਼ ਸ਼ੁਕਲਾ ਨਾਲ ਕਰਵਾ ਰਹੀ ਹੈ | ਕੁਝ ਸਮੇਂ ਬਾਅਦ ਇਕ ਵਿਅਕਤੀ ਦਾ ਫ਼ੋਨ ਆਇਆ, ਜਿਸ ਨੇ ਆਪਣੇ ਆਪ ਨੂੰ ਐੱਸ. ਬੀ. ਆਈ. ਦਾ ਸੀ. ਈ. ਓ. ਦੱਸਦਿਆਂ ਕਿਹਾ ਕਿ ਇਹ ਸਕੀਮ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਇਸ ਵਿਚ ਰੋਜ਼ਾਨਾ 10 ਤੋਂ 20 ਫ਼ੀਸਦੀ ਤੱਕ ਮੁਨਾਫ਼ਾ ਮਿਲਦਾ ਹੈ | ਇਨ੍ਹਾਂ ਗੱਲਾਂ 'ਚ ਆ ਕੇ ਵਿਜੈ ਕੁਮਾਰ ਨੇ ਪਹਿਲਾਂ 30 ਹਜ਼ਾਰ ਰੁਪਏ ਨਿਵੇਸ਼ ਕੀਤੇ | ਬਾਅਦ 'ਚ ਠੱਗਾਂ ਨੇ ਦੱਸਿਆ ਕਿ ਉਨ੍ਹਾਂ ਦਾ ਮੁਨਾਫ਼ਾ ਇਕੱਠਾ ਹੋ ਰਿਹਾ ਹੈ ਤੇ ਸਾਰੀ ਰਕਮ ਮੁਨਾਫ਼ੇ ਸਮੇਤ ਇਕੱਠੀ ਹੀ ਬੈਂਕ ਖਾਤੇ 'ਚ ਟਰਾਂਸਫ਼ਰ ਕਰ ਦਿੱਤੀ ਜਾਵੇਗੀ | ਇਸੇ ਝਾਂਸੇ 'ਚ ਆ ਕੇ ਵਿਜੈ ਕੁਮਾਰ ਨੇ ਵੱਖ-ਵੱਖ ਕਿਸ਼ਤਾਂ 'ਚ ਕੁਲ 1 ਕਰੋੜ 30 ਲੱਖ 50 ਹਜ਼ਾਰ ਰੁਪਏ ਨਿਵੇਸ਼ ਕਰ ਦਿੱਤੇ | ਜਦੋਂ ਕਾਫ਼ੀ ਸਮੇਂ ਤੱਕ ਨਾ ਤਾਂ ਕੋਈ ਮੁਨਾਫ਼ਾ ਮਿਲਿਆ ਤੇ ਨਾ ਹੀ ਮੁੱਢਲੀ ਰਕਮ ਵਾਪਸ ਆਈ, ਤਾਂ ਉਨ੍ਹਾਂ ਨੂੰ ਠੱਗੀ ਹੋਣ ਦਾ ਸ਼ੱਕ ਹੋਇਆ | ਉਨ੍ਹਾਂ ਨੇ ਇਸ ਬਾਰੇ ਆਪਣੇ ਪੁੱਤਰ ਵਿਕਾਸ ਨੂੰ ਜਾਣਕਾਰੀ ਦਿੱਤੀ | ਦੋਵੇਂ ਬਾਅਦ 'ਚ ਸੀ. ਈ. ਓ. ਬੈਂਕ ਪਹੁੰਚੇ, ਜਿਥੇ ਬੈਂਕ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਸੀ. ਈ. ਓ. ਵਲੋਂ ਅਜਿਹੀ ਕੋਈ ਵੀ ਨਿਵੇਸ਼ ਯੋਜਨਾ ਨਹੀਂ ਚਲਾਈ ਜਾ ਰਹੀ | ਇਸ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਸਾਇਬਰ ਕਰਾਈਮ ਪੁਲਿਸ ਨੂੰ ਦਿੱਤੀ ਗਈ | ਪੁਲਿਸ ਨੇ ਵਿਕਾਸ ਕੌਸ਼ਲ ਦੀ ਸ਼ਿਕਾਇਤ 'ਤੇ ਅਣਪਛਾਤੇ ਠੱਗਾਂ ਖ਼ਿਲਾਫ਼ ਪੁਲਿਸ ਸਟੇਸ਼ਨ ਸਾਇਬਰ ਸੈੱਲ ਸੈਕਟਰ-17 'ਚ ਐਫ਼. ਆਈ. ਆਰ. ਦਰਜ ਕਰ ਲਈ ਹੈ |