ਡੇਰਾਬੱਸੀ, 20 ਦਸੰਬਰ (ਰਣਬੀਰ ਸਿੰਘ ਪੜ੍ਹੀ)-ਨੇੜਲੇ ਪਿੰਡ ਹੈਬਤਪੁਰ ਤੋਂ ਪੰਜ ਦਿਨ ਪਹਿਲਾਂ ਗੁੰਮ ਹੋਇਆ 12 ਸਾਲਾ ਬੱਚਾ ਅੱਜ ਪੁਲਿਸ ਨੇ ਸਰਕਾਰੀ ਹਸਪਤਾਲ ਡੇਰਾਬੱਸੀ ਨੇੜਿਓਾ ਸੁਰੱਖਿਅਤ ਹਾਲਤ 'ਚ ਬਰਾਮਦ ਕਰ ਲਿਆ | ਬੱਚੇ ਦੇ ਮਿਲਣ ਨਾਲ ਪਰਿਵਾਰ ਨੇ ਸੁੱਖ ਦਾ ਸਾਹ ਲਿਆ ਤੇ ਦੋ ਭੈਣਾਂ ਦੇ ਇਕਲੌਤੇ ਭਰਾ ਨੂੰ ਵਾਪਸ ਪਾ ਕੇ ਮਾਪੇ ਭਾਵੁਕ ਹੋ ਗਏ | ਹਾਸਿਲ ਜਾਣਕਾਰੀ ਮੁਤਾਬਿਕ ਹੈਬਤਪੁਰ ਵਿਖੇ ਕਿਰਾਏ 'ਤੇ ਰਹਿੰਦੇ ਵਿਕਾਸ ਕੁਮਾਰ (ਮੂਲ ਵਾਸੀ ਸੋਨੀਪਤ ਹਰਿਆਣਾ) ਦਾ ਪੁੱਤਰ ਪੁਲਕਿਤ (12) ਬੀਤੀ 16 ਦਸੰਬਰ ਨੂੰ ਘਰੋਂ ਗਿਆ ਸੀ, ਜੋ ਕਿ ਵਾਪਸ ਘਰ ਨਹੀਂ ਪਰਤਿਆ | ਪਰਿਵਾਰ ਵਲੋਂ ਆਪਣੇ ਪੱਧਰ 'ਕੇ ਕਾਫ਼ੀ ਭਾਲ ਕਰਨ ਮਗਰੋਂ ਵੀ ਜਦੋਂ ਉਸ ਦਾ ਕੋਈ ਸੁਰਾਗ ਨਾ ਮਿਲਿਆ ਤਾਂ ਮੁਬਾਰਕਪੁਰ ਪੁਲਿਸ ਚੌਕੀ 'ਚ ਗੁੰਮਸ਼ੁਦਗੀ ਦੀ ਸੂਚਨਾ ਦਿੱਤੀ ਗਈ ਅਤੇ ਸੋਸ਼ਲ ਮੀਡੀਆ ਰਾਹੀਂ ਵੀ ਬੱਚੇ ਬਾਰੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ | ਬੱਚੇ ਦੇ ਪਿਤਾ ਨੇ ਦੱਸਿਆ ਕਿ ਪੁਲਕਿਤ ਕਿਸੇ ਦੇ ਨਾਲ ਡੇਰਾਬੱਸੀ ਚਲਾ ਗਿਆ, ਪਰ ਵਾਪਸੀ ਦਾ ਰਸਤਾ ਭੁੱਲ ਗਿਆ | ਉਹ ਸਿਵਲ ਹਸਪਤਾਲ ਦੇ ਆਸ-ਪਾਸ ਹੀ ਭਟਕਦਾ ਰਿਹਾ | ਸਨਿਚਰਵਾਰ ਦੁਪਹਿਰ ਸਮੇਂ ਸੋਸ਼ਲ ਮੀਡੀਆ 'ਤੇ ਸਰਗਰਮ ਸਤਵਿੰਦਰ ਸਿੰਘ ਬ੍ਰਹਮਪੁਰਾ ਨੇ ਹਸਪਤਾਲ ਨੇੜੇ ਚਾਹ ਵੇਚਣ ਵਾਲੇ ਨੂੰ ਬੱਚੇ ਦੀ ਤਸਵੀਰ ਦਿਖਾਈ, ਜਿਸ ਨੇ ਦੱਸਿਆ ਕਿ ਇਹ ਬੱਚਾ ਇਥੇ ਹੀ ਵੇਖਿਆ ਗਿਆ ਹੈ | ਸ਼ਾਮ ਦੇ ਕਰੀਬ 5 ਵਜੇ ਪੁਲਕਿਤ ਪਰਿਵਾਰ ਨੂੰ ਮਿਲ ਗਿਆ | ਬੱਚੇ ਦੇ ਪਿਤਾ ਵਿਕਾਸ ਕੁਮਾਰ ਨੇ ਦੱਸਿਆ ਕਿ ਬੱਚਾ ਸਧਾਰਨ ਸੁਭਾਅ ਦਾ ਹੋਣ ਕਾਰਨ ਸਪੱਸ਼ਟ ਤੌਰ 'ਤੇ ਘਰ ਦਾ ਪਤਾ ਕਿਸੇ ਨੂੰ ਦੱਸ ਨਹੀਂ ਸਕਿਆ | ਬੱਚੇ ਦੇ ਸੁਰੱਖਿਅਤ ਮਿਲਣ 'ਤੇ ਮਾਪਿਆਂ ਨੇ ਡੇਰਾਬੱਸੀ ਪੁਲਿਸ ਤੇ ਸੋਸ਼ਲ ਮੀਡੀਆ 'ਤੇ ਸਰਗਰਮ ਲੋਕਾਂ ਦਾ ਮਦਦ ਕਰਨ ਬਦਲੇ ਦਿਲੋਂ ਧੰਨਵਾਦ ਕੀਤਾ |