ਮਾਜਰੀ, 20 ਦਸੰਬਰ (ਕੁਲਵੰਤ ਸਿੰਘ ਧੀਮਾਨ)-ਸਰਕਾਰੀ ਦੀ ਧੱਕੇਸ਼ਾਹੀ ਤੇ ਵਿਆਪਕ ਪੱਧਰ 'ਤੇ ਹੋਈ ਧਾਂਦਲੀ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਮਿਹਨਤ ਸਦਕਾ ਪਾਰਟੀ ਸੰਤੋਸ਼ਜਨਕ ਪ੍ਰਦਰਸ਼ਨ ਕਰਨ 'ਚ ਸਫ਼ਲ ਰਹੀ ਹੈ | ਇਹ ਪ੍ਰਗਟਾਵਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਚੌਧਰੀ ਸ਼ਿਆਮ ਲਾਲ ਮਾਜਰੀਆਂ ਨੇ ਬਲਾਕ ਸੰਮਤੀ ਚੋਣਾਂ ਦੌਰਾਨ ਜੇਤੂ ਰਹਿਣ ਵਾਲੇ ਪਾਰਟੀ ਉਮੀਦਵਾਰਾਂ ਦਾ ਸਨਮਾਨ ਕਰਨ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਖਰੜ ਤਹਿਤ ਪੈਂਦੇ ਮਾਜਰੀ ਬਲਾਕ ਦੀਆਂ 15 ਸੀਟਾਂ 'ਚੋਂ 9 ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਹਾਸਿਲ ਕੀਤੀ ਹੈ, ਜਿਸ ਦੇ ਸਿੱਟੇ ਵਜੋਂ ਪਾਰਟੀ ਆਪਣਾ ਚੇਅਰਮੈਨ ਬਣਾਉਣ 'ਚ ਸਫ਼ਲ ਹੋਵੇਗੀ | ਉਨ੍ਹਾਂ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਕਾਲੀ ਦਲ 'ਚ ਭਰੋਸਾ ਜਤਾਇਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸੁਖਬੀਰ ਸਿੰਘ ਬਾਦਲ 'ਚ ਆਪਣਾ ਭਵਿੱਖ ਦੇਖਦੇ ਹਨ ਕਿਉਂਕਿ ਉਹ ਪੰਜਾਬ ਦੇ ਮੁੱਦਿਆਂ ਤੋਂ ਭਲੀਭਾਂਤੀ ਜਾਣੂ ਹਨ |